ਈਰਾਨ ਦੇ ਸੀਨੀਅਰ ਸੁਰੱਖਿਆ ਅਧਿਕਾਰੀ ਨੇ ਕਿਹਾ ਹੈ ਕਿ ਈਰਾਨ ਨੇ ਦੇਸ਼ ਦੇ ਦੱਖਣ ਚ ਊਰਜਾ ਨਾਲ ਭਰੇ ਅਸਾਲੌਇਹ ਖੇਤਰ ਚ ਤੇਲ ਪਾਈਪ ਲਾਈਨ ਨੂੰ ਉਡਾਉਣ ਦੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ।
ਈਰਾਨ ਦੀ ਸੁਪਰੀਮ ਨੈਸ਼ਨਲ ਸਿਕਉਰਟੀ ਕੌਂਸਲ ਦੇ ਸਕੱਤਰ ਅਲੀ ਸ਼ਮਖਾਨੀ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਇਰਾਨ ਦੇ ਦੁਸ਼ਮਣ ਨੇ ਗੈਸ ਦੀਆਂ ਵਧਦੀਆਂ ਕੀਮਤਾਂ ਦੇ ਮੁੱਦੇ ‘ਤੇ ਈਰਾਨ ਦੇ ਕਈ ਸ਼ਹਿਰਾਂ ਚ ਹੋਏ ਤਾਜ਼ਾ ਹਿੰਸਕ ਦੰਗਿਆਂ ਦੌਰਾਨ ਅਸਾਲੌਇਹ ਚ ਸਥਿਤ ਊਰਜਾ ਇਕਾਈਆਂ ਤੇ ਹਮਲਾ ਕਰਨ ਦੀ ਸਾਜਿਸ਼ ਰਚੀ ਸੀ।
ਇਸ ਦੇ ਨਾਲ ਹੀ ਈਰਾਨ ਨੇ ਕਿਹਾ ਕਿ ਜੇ ਅਮਰੀਕਾ ਅਤੇ ਇਸ ਦੇ ਸਹਿਯੋਗੀ ਹੱਦਾਂ ਤੋਂ ਵੱਧੇ ਤਾਂ ਉਹ ਉਨ੍ਹਾਂ ਨੂੰ ਤਬਾਹ ਕਰ ਦੇਵੇਗਾ। ਈਰਾਨ ਦੇ ਇਨਕਲਾਬੀ ਗਾਰਡਾਂ ਦੇ ਮੁਖੀ ਜਨਰਲ ਹੁਸੈਨ ਸਲਾਮੀ ਨੇ ਵੀ ਪਿਛਲੇ ਹਫਤੇ ਦੇਸ਼ ਭਰ ਚ ਪੈਟਰੋਲ ਦੀਆਂ ਕੀਮਤਾਂ ਚ ਹੋਏ ਵਾਧੇ ਨੂੰ ਲੈ ਕੇ ਹੋਏ ਹਿੰਸਕ ਪ੍ਰਦਰਸ਼ਨਾਂ ਦੀ ਨਿਖੇਧੀ ਕੀਤੀ ਸੀ।
ਉਨ੍ਹਾਂ ਕਿਹਾ, "ਅਸੀਂ ਬਹੁਤ ਸੰਜਮ ਦਿਖਾਇਆ ਹੈ, ਅਸੀਂ ਅਮਰੀਕਾ ਦੇ ਵਿਰੋਧਵਾਦੀ ਕਦਮਾਂ ਪ੍ਰਤੀ ਸਬਰ ਦਾ ਇਜ਼ਹਾਰ ਕੀਤਾ ਹੈ, ਇਜ਼ਰਾਈਲ ਦੀ ਯਹੂਦੀ ਸਰਕਾਰ ਅਤੇ ਸਾਊਦੀ ਅਰਬ ਇਰਾਨ ਦੇ ਵਿਰੁੱਧ ਹਨ ਪਰ ਜੇ ਉਹ ਸਾਡੀ ਸਰਹੱਦ ਪਾਰ ਕਰਦੇ ਹਨ ਤਾਂ ਅਸੀਂ ਉਨ੍ਹਾਂ ਨੂੰ ਤਬਾਹ ਕਰ ਦੇਵਾਂਗੇ।"
ਧਿਆਨਦੇਣ ਯੋਗ ਹੈ ਕਿ ਇਸੇ ਸਾਲ ਈਰਾਨ ਅਤੇ ਅਮਰੀਕਾ ਚ ਤਣਾਅ ਵੱਧ ਗਿਆ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਈ ਵਾਰ ਧਮਕੀ ਦਿੱਤੀ ਹੈ ਕਿ ਜੇ ਈਰਾਨ ਨਾ ਸੁਧਰਿਆ ਤਾਂ ਉਹ ਖ਼ਤਮ ਹੋ ਜਾਵੇਗਾ।