ਬਾਸਕੇਟਬਾਲ ਦੇ ਕੌਮਾਂਤਰੀ ਪੱਧਰ ਦੇ ਖਿਡਾਰੀ ਤੇ ਦੋ ਵਾਰ ਉਲੰਪਿਕ ਦਾ ਸੋਨ–ਤਮਗ਼ਾ ਜਿੱਤ ਚੁੱਕੇ ਮਹਾਨ ਖਿਡਾਰੀ ਕੋਬੀ ਬ੍ਰਾਇੰਟ ਦਾ ਐਤਵਾਰ ਨੂੰ ਅਮਰੀਕੀ ਹਵਾਈ ਹਾਦਸੇ ’ਚ ਦੇਹਾਂਤ ਹੋ ਗਿਆ। ਕੋਬੀ ਬ੍ਰਾਇੰਟ ਦੇ ਦੇਹਾਂਤ ਨਾਲ ਸਮੁੱਚੇ ਵਿਸ਼ਵ ਦੇ ਸਿਰਫ਼ ਖੇਡ ਜਗਤ ਵਿੱਚ ਹੀ ਨਹੀਂ, ਸਗੋਂ ਆਮ ਲੋਕਾਂ ’ਚ ਵੀ ਸੋਗ ਦੀ ਲਹਿਰ ਦੌੜ ਗਈ। ਬ੍ਰਾਇੰਟ ਨਾਲ ਉਸ ਦੀ 13 ਸਾਲਾ ਧੀ ਗਿਆਨਾ ਤੇ 7 ਹੋਰਨਾਂ ਦੀ ਵੀ ਮੌਤ ਹੋਈ ਹੈ।
41 ਸਾਲਾ ਖਿਡਾਰੀ ਕੋਬੀ ਬ੍ਰਾਇੰਟ ਦੇ ਪ੍ਰਸ਼ੰਸਕ ਸਮਾਜ ਦੇ ਹਰ ਵਰਗ ’ਚ ਮੌਜੂਦ ਹਨ। ਇਸ ਅਚਨਚੇਤੀ ਮੌਤ ਤੋਂ ਸਾਰੇ ਹੀ ਦੁਖੀ ਹਨ। ਕੋਬੀ ਬ੍ਰਾਇੰਟ ਆਪਣੇ ਖ਼ੁਦ ਦੇ ਹੈਲੀਕਾਪਟਰ ’ਚ ਜਾ ਰਹੇ ਸਨ ਕਿ ਉਹ ਹਾਦਸਾਗ੍ਰਸਤ ਹੋ ਗਿਆ।
ਪਰ ਕੀ ਤੁਸੀਂ ਜਾਣਦੇ ਹੋ ਕਿ ਟਵਿਟਰ ’ਤੇ ਕੋਬੀ ਬ੍ਰਾਇੰਟ ਦੀ ਮੌਤ ਦੀ ਭਵਿੱਖਬਾਣੀ ਸਾਲ 2012 ’ਚ ਹੀ ਕਰ ਦਿੱਤੀ ਗਈ ਸੀ।
ਇੱਥੇ ‘ਹਿੰਦੁਸਤਾਨ ਟਾਈਮਜ਼ ਪੰਜਾਬੀ’ ਦੇ ਪਾਠਕਾਂ ਦੀ ਦਿਲਚਸਪੀ ਲਈ ਅਸੀਂ ਉਹ ਟਵੀਟ ਵੀ ਇੰਨ੍ਹ–ਬਿੰਨ੍ਹ ਪੇਸ਼ ਕਰ ਰਹੇ ਹਾਂ। ਚੇਤੇ ਰਹੇ ਕਿ ਫ਼ੇਸਬੁੱਕ ਦੀ ਪੋਸਟ ਵਾਂਗ ਟਵਿਟਰ ਨੂੰ ਦੋਬਾਰਾ ਐਡਿਟ ਭਾਵ ਸੰਪਾਦਤ ਨਹੀਂ ਕੀਤਾ ਜਾ ਸਕਦਾ। ਇੰਝ ਕੋਈ ਅਜਿਹਾ ਇਲਜ਼ਾਮ ਵੀ ਨਹੀਂ ਲਾ ਸਕਦਾ ਕਿ ਕਿਸੇ ਨੇ ਹੁਣ ਕੋਬੀ ਦੀ ਮੌਤ ਤੋਂ ਬਾਅਦ ’ਚ ਇਸ ਪੋਸਟ ਨੂੰ ਐਡਿਟ ਕਰ ਦਿੱਤਾ ਹੈ।
Kobe is going to end up dying in a helicopter crash
— .Noso (@dotNoso) November 13, 2012
ਟਵਿਟਰ ਦਾ ਟਵੀਟ ਸਿਰਫ਼ ਡਿਲੀਟ ਹੋ ਸਕਦਾ ਹੈ, ਸੰਪਾਦਤ ਨਹੀਂ। ਇਸ ਹੈਰਾਨੀਜਨਕ ਟਵੀਟ ਵਿੱਚ ਲਿਖਿਆ ਹੈ ਕਿ ਕੋਬੀ ਬ੍ਰਾਇੰਟ ਦਾ ਦੇਹਾਂਤ ਹੈਲੀਕਾਪਟਰ ਹਾਦਸੇ ’ਚ ਹੋਵੇਗਾ। ਤੇ ਪਰਸੋਂ ਹੋਇਆ ਵੀ ਬਿਲਕੁਲ ਇੰਝ ਹੀ ਹੈ।
ਸਿਕੋਰਸਕੀ ਐੱਸ–76 ਹੈਲੀਕਾਪਟਰ ਅਮਰੀਕੀ ਸੂਬੇ ਕੈਲੀਫ਼ੋਰਨੀਆ ’ਚ ਲਾੱਸ ਏਂਜਲਸ ਦੇ ਪੱਛਮ ਵੱਲ ਕਾਲਾਬਾਸਾਸ ’ਚ ਪਹਾੜੀ ਇਲਾਕੇ ਵਿੱਚ ਹਾਦਸਾਗ੍ਰਸਤ ਹੋ ਗਿਆ ਸੀ; ਤਦ ਉਸ ਵਿੱਚ ਕੋਬੀ ਬ੍ਰਾਇੰਟ ਤੇ ਉਸ ਦੀ 13 ਸਾਲਾ ਧੀ ਸਮੇਤ 9 ਵਿਅਕਤੀ ਸਵਾਰ ਸਨ।
ਇਸ ਦੇ ਬਾਵਜੂਦ ਬਹੁਤ ਸਾਰੇ ਲੋਕਾਂ ਨੇ ਇਸ ਹੈਰਾਨੀਜਨਕ ਟਵੀਟ ਉੱਤੇ ਸ਼ੱਕ ਪ੍ਰਗਟਾਇਆ ਹੈ। ਕੁਝ ਨੇ ਕਿਹਾ ਹੈ ਕਿ ਇਹ ਟਵੀਟ ਕਾਰਬਨ V2.5 ਦੀ ਮਦਦ ਨਾਲ ਤਿਆਰ ਕੀਤਾ ਗਿਆ ਹੈ। ਪਰ ਕਈਆਂ ਨੇ ਇਸ ਸ਼ੱਕ ਨੂੰ ਵੀ ਨਿਰਮੂਲ ਸਿੱਧ ਕੀਤਾ ਹੈ।