ਸਾਊਦੀ ਪੱਤਰਕਾਰ ਜਮਾਲ ਖ਼ਸ਼ੋਗੀ ਦੇ ਕਤਲ ਮਾਮਲੇ ਚ ਪੰਜ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ ਜਦਕਿ ਤਿੰਨ ਹੋਰਾਂ ਨੂੰ 24 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਸਾਊਦੀ ਅਰਬ ਦੇ ਸਰਕਾਰੀ ਵਕੀਲ ਨੇ ਦਸਿਆ ਕਿ ਜਮਾਲ ਖਸ਼ੋਗੀ ਕੇਸ ਚ ਸਾਊਦੀ ਅਦਾਲਤ ਨੇ ਪੰਜਾਂ ਨੂੰ ਮੌਤ ਦੀ ਸਜ਼ਾ ਸੁਣਾਈ ਹੈ ਜਦਕਿ ਬਾਕੀ ਤਿੰਨ ਜਣਿਆਂ ਨੂੰ 24 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ।
ਸਾਊਦੀ ਅਰਬ ਦੇ ਸਰਕਾਰੀ ਵਕੀਲ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਸਰਕਾਰੀ ਵਕੀਲ ਨੇ ਇੱਕ ਬਿਆਨ ਵਿੱਚ ਕਿਹਾ ਕਿ ਅਦਾਲਤ ਨੇ ਕਤਲ ਚ ਸਿੱਧੇ ਤੌਰ ‘ਤੇ ਸ਼ਾਮਲ ਪੰਜ ਲੋਕਾਂ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਸਾਊਦੀ ਦੇ ਵਕੀਲਾਂ ਨੇ ਕਿਹਾ ਕਿ ਅਕਤੂਬਰ 2018 ਚ ਖੁਫੀਆ ਵਿਭਾਗ ਦੇ ਡਿਪਟੀ ਚੀਫ਼ ਅਹਿਮਦ ਅਲ ਅਸੀਰੀ ਦੀ ਨਿਗਰਾਨੀ ਹੇਠ ਇਸਤਾਂਬੁਲ ਦੇ ਕੌਂਸਲੇਟ ਵਿੱਚ ਵਾਸ਼ਿੰਗਟਨ ਪੋਸਟ ਕਾਲਮ ਲੇਖਕ ਨੂੰ ਕਤਲ ਕਰ ਦਿੱਤਾ ਗਿਆ ਸੀ ਤੇ ਉਨ੍ਹਾਂ ਨੂੰ ਰਾਇਲ ਕੋਰਟ ਦੇ ਚੋਟੀ ਦੇ ਮੀਡੀਆ ਅਧਿਕਾਰੀ ਸੌਦ ਅਲ ਕਹਤਾਨੀ ਨੇ ਸਲਾਹ ਦਿੱਤੀ ਸੀ।
ਬਿਆਨ ਵਿੱਚ ਕਿਹਾ ਗਿਆ ਹੈ ਕਿ ਕਹਤਾਨੀ ਦੀ ਜਾਂਚ ਕੀਤੀ ਗਈ ਪਰ ਸਬੂਤਾਂ ਦੀ ਘਾਟ ਕਾਰਨ ਦੋਸ਼ੀ ਨਹੀਂ ਪਾਇਆ ਗਿਆ। ਅਸੀਰੀ ਦੀ ਵੀ ਜਾਂਚ ਕੀਤੀ ਗਈ ਤੇ ਉਸ 'ਤੇ ਦੋਸ਼ ਵੀ ਲਗਾਇਆ ਗਿਆ, ਪਰ ਸਬੂਤਾਂ ਦੀ ਘਾਟ ਦੇ ਆਧਾਰ 'ਤੇ ਉਸ ਨੂੰ ਵੀ ਬਰੀ ਕਰ ਦਿੱਤਾ ਗਿਆ। ਇਸ ਕੇਸ ਚ ਦੋਸ਼ੀ ਠਹਿਰਾਏ ਗਏ 11 ਲੋਕਾਂ ਚੋਂ 5 ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ, ਤਿੰਨ ਨੂੰ ਕੁੱਲ 24 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਤੇ ਬਾਕੀ ਨੂੰ ਬਰੀ ਕਰ ਦਿੱਤਾ ਗਿਆ।
ਦੱਸ ਦੇਈਏ ਕਿ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਸਮੂਹ ਨੇ ਸਾਊਦੀ ਪੱਤਰਕਾਰ ਜਮਾਲ ਖ਼ਸ਼ੋਗੀ ਦੀ ਹੱਤਿਆ ਲਈ ਇਨਸਾਫ ਦੀ ਮੰਗ ਕੀਤੀ ਸੀ। ਸੰਸਥਾ ਨੇ ਕਿਹਾ ਕਿ ਖਸ਼ੋਗੀ ਦੀ ਹੱਤਿਆ ਦੇ ਇੱਕ ਸਾਲ ਬਾਅਦ ਵੀ ਸਾਊਦੀ ਅਧਿਕਾਰੀਆਂ ਵੱਲੋਂ ਕੋਈ ਸਾਰਥਕ ਜਵਾਬਦੇਹੀ ਨਹੀਂ ਮਿਲ ਸਕੀ ਹੈ।
ਇਸ ਤੋਂ ਬਾਅਦ 2 ਅਕਤੂਬਰ ਨੂੰ ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਸਲਮਾਨ ਨੇ ਕਿਹਾ ਸੀ, "ਮੈਂ ਪੱਤਰਕਾਰ ਜਮਾਲ ਖਸ਼ੋਗੀ ਦੀ ਹੱਤਿਆ ਦੀ ਪੂਰੀ ਜ਼ਿੰਮੇਵਾਰੀ ਲੈਂਦਾ ਹਾਂ ਕਿਉਂਕਿ ਇਹ ਮੇਰੀ ਨਿਗਰਾਨੀ ਹੇਠ ਹੋਇਆ।" ਅਮਰੀਕਾ ਵਿਚ ਰਹਿੰਦੇ ਇਕ ਪੱਤਰਕਾਰ ਅਤੇ ਲੇਖਕ ਦੀ ਹੱਤਿਆ ਤੋਂ ਬਾਅਦ ਪ੍ਰਿੰਸ ਉੱਤੇ ਕਾਫ਼ੀ ਅੰਤਰਰਾਸ਼ਟਰੀ ਦਬਾਅ ਸੀ।