ਸਊਦੀ ਅਰਬ ਨੇ ਪੱਤਰਕਾਰ ਜਮਾਲ ਖਾਸ਼ੋਗੀ ਦੀ ਹੱਤਿਆ ਸਬੰਧੀ ਆਪਣੇ ਬਿਆਨ ਨੂੰ ਬਦਲਦੇ ਹੋਏ ਵੀਰਵਾਰ ਨੂੰ ਕਿਹਾ ਕਿ ਖਾਸ਼ੋਗੀ ਦਾ ਕਤਲ ਪਹਿਲਾਂ ਤੋਂ ਮਿਥੀ ਹੋਈ ਸਾਜਿਸ਼ ਸੀ।
ਸਊਦੀ ਅਧਿਕਾਰੀਆਂ ਨੇ ਪਿਛਲੇ ਹਫਤੇ ਕਿਹਾ ਸੀ ਕਿ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਦੇ ਆਲੋਚਕ ਖਾਸ਼ੋਗੀ ਦੀ ਇਨਸਤਾਬੁਲ ਦੇ ਦੂਤਾਵਾਸ `ਚ ਏਜੰਟ ਨਾਲ ਝੜਪ `ਚ ਦੁਰਦਘਟਨਾ `ਚ ਅਚਾਨਕ ਮੌਤ ਹੋ ਗਈ ਸੀ।
ਸਊਦੀ ਲੋਕ ਅਭਿਯੋਜਕ ਨੇ ਵੀਰਵਾਰ ਨੂੰ ਇਹ ਐਲਾਨ ਸਰਕਾਰੀ ਸਮਾਚਾਰ ਏਜੰਸੀ ਰਾਹੀਂ ਕੀਤਾ। ਸਊਦੀ ਪ੍ਰੈਸ ਏਜੰਸੀ (ਐਸਪੀਏ) ਅਨੁਸਾਰ, ਅਭਿਯੋਜਕ ਨੇ ਕਿਹਾ ਕਿ ਇਹ ਤੁਰਕੀ `ਚ ਸਊਦੀ-ਤੁਰਕੀ ਸਾਂਝੀ ਜਾਂਚ ਦੀ ਨਵੀਆਂ ਸੂਚਨਾਵਾਂ `ਤੇ ਅਧਾਰਿਤ ਹੈ। ਸਊਦੀ ਵਿਦੇਸ਼ ਮੰਤਰੀ ਨੇ ਕਿਹਾ ਕਿ ਨਵੀਆਂ ਸੂਚਨਾਵਾਂ ਦੇ ਆਧਾਰ `ਤੇ ਜਾਂਚ ਜਾਰੀ ਰੱਖਣਗੇ।
ਵਾਸਿ਼ੰਗਟਨ ਪੋਸਟ ਦੇ ਪੱਤਰਕਾਰ ਖਾਸ਼ੋਗੀ 2 ਅਕਤੂਬਰ ਨੂੰ ਕੁਝ ਕਾਗਜ ਲੈਣ ਲਈ ਇਨਸਤਾਂਬੁਲ ਸਥਿਤ ਸਊਦੀ ਦੂਤਾਵਾਸ ਗਏ ਸਨ ਅਤੇ ਉਸਦੇ ਬਾਅਦ ਗੁੰਮ ਹੋ ਗਏ ਸਨ। ਘਟਨਾ ਦੇ ਕੁਝ ਦਿਨ ਬਾਅਦ ਤੁਰਕੀ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਮਾਰਨ ਦੇ ਇਰਾਦੇ ਨਾਲ ਤੁਰਕੀ ਭੇਜਿਆ ਸੀ, 15 ਸਊਦੀ ਏਜੰਟਾਂ ਨੇ ਪਹਿਲਾਂ ਤੋਂ ਮਿਥੀ ਸਾਜਿਸ਼ ਦੇ ਤਹਿਤ ਉਨ੍ਹਾਂ ਦਾ ਕਤਲ ਕਰ ਦਿੱਤਾ।
ਸਊਦੀ ਦੇ ਇਸ ਐਲਾਨ ਦੇ ਤੁਰੰਤ ਬਾਅਦ ਤੁਰਕੀ ਦੇ ਅਧਿਕਾਰੀ ਨੇ ਵਾਸਿ਼ੰਗਟਨ ਪੋਸਟ ਨੂੰ ਕਿਹਾ ਕਿ ਅਸੀਂ ਸ਼ੁਰੂਆਤ ਤੋਂ ਕਹਿ ਰਹੇ ਸੀ ਕਿ ਖਾਸ਼ੋਗੀ ਦਾ ਕਤਲ ਯੋਜਨਾਬੱਧ ਹੈ। ਖਾਸ਼ੋਗੀ ਦੀ ਲਾਸ਼ ਅਜੇ ਤੱਕ ਬਰਾਮਦ ਨਹੀਂ ਕੀਤੀ ਗਈ।