ਅਫ਼ਗ਼ਾਨਿਸਤਾਨ ਦੀ ਹਿੰਦੂਕੁਸ਼ ਪਹਾੜੀਆਂ 'ਚ ਸੀ ਕੇਂਦਰ
ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ 'ਚ ਸੋਮਵਾਰ ਨੂੰ 5.8 ਤ੍ਰਿਬਤਾ ਦਾ ਭੂਚਾਲ ਆਇਆ। ਕੁਝ ਦਿਨ ਪਹਿਲਾਂ ਹੀ, ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਅਤੇ ਦੇਸ਼ ਦੇ ਹੋਰ ਹਿੱਸਿਆਂ ਵਿੱਚ ਆਏ ਇੱਕ ਸ਼ਕਤੀਸ਼ਾਲੀ ਭੂਚਾਲ ਵਿੱਚ 40 ਲੋਕਾਂ ਦੀ ਮੌਤ ਹੋ ਗਈ ਸੀ।
ਪਾਕਿਸਤਾਨ ਦੇ ਮੌਸਮ ਵਿਭਾਗ ਨੇ ਦੱਸਿਆ ਕਿ ਭੂਚਾਲ ਦਾ ਕੇਂਦਰ ਅਫ਼ਗ਼ਾਨਿਸਤਾਨ ਦੀ ਹਿੰਦੂਕੁਸ਼ ਪਹਾੜੀਆਂ ਸਨ। ਭੂਚਾਲ ਧਰਤੀ ਦੀ ਸਤ੍ਹਾ ਤੋਂ 157 ਕਿਲੋਮੀਟਰ ਹੇਠਾਂ ਆਇਆ। ਸੂਬਾਈ ਆਫ਼ਤ ਪ੍ਰਬੰਧਨ ਅਥਾਰਟੀ ਦੇ ਬੁਲਾਰੇ ਤੈਮੂਰ ਅਲੀ ਨੇ ਦੱਸਿਆ ਕਿ ਪੇਸ਼ਾਵਰ, ਮਾਲਾਕੰਦ, ਮਰਦਾਨ, ਚਰਸੱਦਾ, ਸਵਾਤ ਅਤੇ ਹਜ਼ਾਰਾ ਇਲਾਕਿਆਂ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।
ਅਲੀ ਨੇ ਕਿਹਾ ਕਿ ਅਜੇ ਤੱਕ ਸੂਬੇ ਵਿੱਚ ਕਿਸੇ ਦੇ ਜਾਨ ਜਾਂ ਮਾਲ ਦੇ ਨੁਕਸਾਨ ਦੀ ਖ਼ਬਰ ਨਹੀਂ ਹੈ। ਇਸ ਤੋਂ ਪਹਿਲਾਂ 24 ਸਤੰਬਰ ਨੂੰ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ, ਪੰਜਾਬ ਅਤੇ ਖੈਬਰ ਪਖਤੂਨਖਵਾ ਸਮੇਤ ਪਾਕਿਸਤਾਨ ਦੇ ਕਈ ਹਿੱਸਿਆਂ ਵਿੱਚ ਭੂਚਾਲ ਆਇਆ ਸੀ। ਉਸ ਵਿੱਚ 40 ਲੋਕਾਂ ਦੀ ਮੌਤ ਹੋ ਗਈ ਸੀ ਅਤੇ 450 ਲੋਕ ਜ਼ਖ਼ਮੀ ਹੋ ਗਏ ਸਨ।