ਪਾਕਿਸਤਾਨ ਦੇ ਉੱਤਰ ਵੱਲ ਦੂਰ–ਦੁਰਾਡੇ ਖ਼ੂਬਸੂਰਤ ਪਹਾੜੀ ਵਾਦੀ ਵਿੱਚ ਵਸਿਆ 4000 ਨਾਗਰਿਕਾਂ ਦੀ ਆਬਾਦੀ ਵਾਲਾ ਕਾਲਾਸ਼ ਭਾਈਚਾਰਾ ਸੈਲਾਨੀਆਂ ਲਈ ਖ਼ਾਸ ਤੌਰ ਉੱਤੇ ਖਿੱਚ ਦਾ ਕੇਂਦਰ ਬਣਿਆ ਰਹਿੰਦਾ ਹੈ। ਇਸ ਭਾਈਚਾਰੇ ਦੀਆਂ ਔਰਤਾਂ ਬਸੰਤ ਦੀ ਆਮਦ ਦਾ ਤਿਉਹਾਰ ਬਹੁਤ ਜੋਸ਼ੋ–ਖ਼ਰੋਸ਼ ਨਾਲ ਮਨਾਉਂਦੀਆਂ ਹਨ।
ਪਰ ਇਸ ਭਾਈਚਾਰੇ ਨੂੰ ਇਹੋ ਖ਼ਦਸ਼ਾ ਲੱਗਾ ਰਹਿੰਦਾ ਹੈ ਕਿ ਕਿਤੇ ਇੱਥੇ ਆਉਣ ਵਾਲੇ ਘਰੇਲੂ ਸੈਲਾਨੀਆਂ ਦੀ ਤਾਦਾਦ ਵਿੱਚ ਵਾਧੇ ਨਾਲ ਉਨ੍ਹਾਂ ਦੀ ਖ਼ਾਸ ਰਵਾਇਤ ਖ਼ਤਰੇ ਵਿੱਚ ਹੀ ਨਾ ਪੈ ਜਾਵੇ।
ਪਿੱਛੇ ਜਿਹੇ ਜਦੋਂ ਕਾਲਾਸ਼ ਭਾਈਚਾਰੇ ਦੀਆਂ ਔਰਤਾਂ ਬਸੰਤ ਦੇ ਜਸ਼ਨ ਮਨਾਉਂਦੇ ਸਮੇਂ ਨੱਚ ਰਹੀਆਂ ਸਨ ਤਦ ਕੁਝ ਸੈਲਾਨੀਆਂ ਨੇ ਉਨ੍ਹਾਂ ਦੀਆਂ ਤਸਵੀਰਾਂ ਖਿੱਚਣ ਦਾ ਜਤਨ ਕੀਤਾ ਸੀ। ਤਦ ਉੱਥੇ ਕਾਫ਼ੀ ਝਗੜਾ ਵੀ ਹੋ ਗਿਆ ਸੀ।
ਕਾਲਾਸ਼ ਭਾਈਚਾਰਾ ਬਸੰਤ ਮੌਕੇ ਰੰਗ–ਬਿਰੰਗੇ ਕੱਪੜੇ ਪਹਿਨਦਾ ਹੈ ਤੇ ਸਿਰ ਉੱਤੇ ਖ਼ਾਸ ਤਰ੍ਹਾਂ ਦੀ ਟੋਪੀ ਪਹਿਨਦਾ ਹੈ ਤੇ ਔਰਤਾਂ ਦਾ ਪਹਿਰਾਵਾ ਰਵਾਇਤੀ ਇਸਲਾਮਿਕ ਔਰਤਾਂ ਦੀ ਪੁਸ਼ਾਕ ਤੋਂ ਬਿਲਕੁਲ ਵੱਖਰਾ ਦਿਸਦਾ ਹੈ।
ਕਾਲਾਸ਼ ਭਾਈਚਾਰੇ ਦਾ ਮੰਨਣਾ ਹੈ ਕਿ ਉਨ੍ਹਾਂ ਦੇ ਪੁਰਖੇ ਯੂਨਾਨੀ ਬਾਦਸ਼ਾਹ ਸਿਕੰਦਰ–ਮਹਾਨ ਦੀ ਫ਼ੌਜ ਵਿੱਚ ਜੋਧੇ ਹੁੰਦੇ ਸਨ। ਸਿਕੰਦਰ ਨੇ ਇਸ ਇਲਾਕੇ ਉੱਤੇ 325 ਸਾਲ ਈਸਾ ਪੂਰਵ ਜਿੱਤ ਹਾਸਲ ਕੀਤੀ ਸੀ।