ਕੈਨੇਡਾ ਸਰਕਾਰ `ਚ ਵਿਰੋਧੀ ਧਿਰ ਦੇ ਆਗੂ ਅਤੇ ਕਨਜਰਵੇਟਿਵ ਪਾਰਟੀ ਦੇ ਮੁਖੀ ਐਂਡਰੀਓ ਸ਼ੀਰ ਨੇ ਅੱਜ ਸੱਚਖੰਡ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ। ਐਂਡਰੀਓ ਸ਼ੀਰ ਆਪਣੀ ਪਤਨੀ ਜਿਲ ਸ਼ੀਰ ਸਮੇਤ ਸ੍ਰੀ ਦਰਬਾਰ ਸਾਹਿਬ ਪਹੁੰਚੇ।
ਇਸ ਮੌਕੇ ਉਨ੍ਹਾਂ ਨਾਲ ਕੈਨੇਡਾ ਦੇ ਮੈਂਬਰ ਪਾਰਲੀਮੈਂਟ ਬੌਬ ਸਰੋਆ ਤੋਂ ਇਲਾਵਾ ਰਮੋਨਾ ਸਿੰਘ, ਬੌਬ ਦੋਸਾਂਝ ਅਤੇ ਬਿਕਰਮਜੀਤ ਸਿੰਘ ਚੱਕਾ ਅੱਲਾ ਬਖ਼ਸ਼ ਵੀ ਮੌਜੂਦ ਸਨ। ਇਸ ਮੌਕੇ ਉਨ੍ਹਾਂ ਕਿਹਾ ਕਿ ਸਿੱਖ ਕੌਮ ਬਹੁਤ ਹੀ ਮਿਲਵਰਤਣ ਵਾਲੀ ਕੌਮ ਹੈ। ਉਨ੍ਹਾਂ ਕਿਹਾ ਕਿ ਕੈਨੇਡਾ `ਚ ਵੱਡੀ ਗਿਣਤੀ ਸਿੱਖ ਵੱਸਦੇ ਹਨ, ਜੋ ਦੇਸ਼ ਦੀ ਤਰੱਕੀ `ਚ ਹਿੱਸਾ ਪਾ ਰਹੇ ਹਨ। ਉਨ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਦੁਨੀਆ ਦਾ ਖ਼ੂਬਸੂਰਤ ਅਸਥਾਨ ਦੱਸਦਿਆਂ ਕਿਹਾ ਕਿ ਇਥੋਂ ਸਰਬ-ਸਾਂਝੀਵਾਲਤਾ ਦਾ ਸੁਨੇਹਾ ਮਿਲਦਾ ਹੈ।
ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਉਨ੍ਹਾਂ ਨੂੰ ਸੂਚਨਾ ਕੇਂਦਰ ਵਿਖੇ ਜੀ ਆਇਆਂ ਕਿਹਾ ਤੇ ਸਿੱਖ ਕੌਮ ਵੱਲੋਂ ਗੁਰੂ ਬਖ਼ਸ਼ਿਸ਼ ਸਿਰੋਪਾਓ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਮਾਡਲ ਤੇ ਧਾਰਮਿਕ ਪੁਸਤਕਾਂ ਦੇ ਕੇ ਸਨਮਾਨਿਤ ਕੀਤਾ।