ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੁਧਿਆਣਾ ਦਾ ਅੰਸ਼ਦੀਪ ਸਿੰਘ ਅਮਰੀਕੀ ਰਾਸ਼ਟਰਪਤੀ ਦੇ ਸੁਰੱਖਿਆ ਅਮਲੇ `ਚ ਸ਼ਾਮਲ

ਲੁਧਿਆਣਾ ਦਾ ਅੰਸ਼ਦੀਪ ਸਿੰਘ ਅਮਰੀਕੀ ਰਾਸ਼ਟਰਪਤੀ ਦੇ ਸੁਰੱਖਿਆ ਅਮਲੇ `ਚ ਸ਼ਾਮਲ

ਲੁਧਿਆਣਾ ਦੇ ਅੰਸ਼ਦੀਪ ਸਿੰਘ ਭਾਟੀਆ (ਜਿਸ ਦਾ ਕਾਨਪੁਰ ਨਾਲ ਵੀ ਰਿਸ਼ਤਾ ਰਿਹਾ ਹੈ) ਨੂੰ ਅਮਰੀਕੀ ਰਾਸ਼ਟਰਪਤੀ ਦੇ ਸੁਰੱਖਿਆ ਸਟਾਫ਼ ਵਿੱਚ ਸ਼ਾਮਲ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਕਦੇ ਕਿਸੇ ਸਿੱਖ ਨੂੰ ਇਹ ਮਾਣ ਹਾਸਲ ਨਹੀਂ ਹੋਇਆ। ਸ੍ਰੀ ਅੰਸ਼ਦੀਪ ਸਿੰਘ ਭਾਟੀਆ ਹੁਣ ਮੌਜੂਦਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸੁਰੱਖਿਆ ਅਮਲੇ `ਚ ਸ਼ਾਮਲ ਹੋ ਗਏ ਹਨ। ਉਨ੍ਹਾਂ ਦੇ ਰਿਸ਼ਤੇਦਾਰ ਤੇ ਹੋਰ ਜਾਣਕਾਰ ਉਨ੍ਹਾਂ ਦੀ ਇਸ ਪ੍ਰਾਪਤੀ ਤੋਂ ਡਾਢੇ ਖ਼ੁਸ਼ ਹਨ।


ਅੰਸ਼ਦੀਪ ਸਿੰਘ ਭਾਟੀਆ ਦੇ ਚਾਚਾ ਕਮਲਜੀਤ ਸਿੰਘ ਭਾਟੀਆ ਕਾਨਪੁਰ `ਚ ਰਹਿੰਦੇ ਹਨ। ਉਨ੍ਹਾਂ ਆਖਿਆ ਕਿ ਅੰਸ਼ਦੀਪ ਦੀ ਇਸ ਪ੍ਰਾਪਤੀ `ਤੇ ਸਭ ਨੂੰ ਬਹੁਤ ਮਾਣ ਹੈ। ਉਨ੍ਹਾਂ ਕਿਹਾ ਕਿ ਇਹ ਮਾਣ ਵਾਲੀ ਗੱਲ ਹੈ ਕਿ ਅੰਸ਼ਦੀਪ ਦੇ ਦਾੜ੍ਹੀ ਤੇ ਦਸਤਾਰ `ਤੇ ਕਿਸੇ ਨੇ ਕੋਈ ਇਤਰਾਜ਼ ਨਹੀਂ ਕੀਤਾ; ਨਹੀਂ ਤਾਂ ਪੱਛਮੀ ਦੇਸ਼ਾਂ `ਚ ਆਮ ਤੌਰ `ਤੇ ਸੁਰੱਖਿਆ ਮਾਮਲਿਆਂ `ਚ ਬਹੁਤ ਵਾਰ ਅਜਿਹੇ ਇਤਰਾਜ਼ ਕੀਤੇ ਜਾਂਦੇ ਰਹੇ ਹਨ।


ਉਂਝ ਸੁਰੱਖਿਆ ਅਮਲੇ ਦੀ ਇਸ ਨੌਕਰੀ ਲਈ ਵੀ ਇਹੋ ਸ਼ਰਤ ਰੱਖੀ ਗਈ ਸੀ ਕਿ ਉਮੀਦਵਾਰ ਕਲੀਨ-ਸ਼ੇਵ ਹੋਵੇ ਤੇ ਦਸਤਾਰਧਾਰੀ ਨਾ ਹੋਵੇ; ਜਿਸ ਲਈ ਅੰਸ਼ਦੀਪ ਸਿੰਘ ਭਾਟੀਆਂ ਨੂੰ ਇਹ ਸ਼ਰਤਾਂ ਹਟਵਾਉਣ ਲਈ ਅਦਾਲਤ `ਚ ਜਾਣਾ ਪਿਆ ਤੇ ਫ਼ੈਸਲਾ ਉਨ੍ਹਾਂ ਦੇ ਹੱਕ ਵਿੱਚ ਹੋਇਆ।


ਸ੍ਰੀ ਕਮਲਜੀਤ ਸਿੰਘ ਭਾਟੀਆ ਨੇ ਦੱਸਿਆ ਕਿ ਅੰਸ਼ਦੀਪ ਦੀ ਡਿਊਟੀ ਬਹੁਤ ਸਖ਼ਤ ਹੈ। ਇਸ ਗੱਲ ਦਾ ਅੰਦਾਜ਼ਾ ਇਸੇ ਤੱਥ ਤੋਂ ਲਾਇਆ ਜਾ ਸਕਦਾ ਹੈ ਕਿ ਉਸ ਦੀ ਸਕੀ ਭੈਣ ਦਾ ਵਿਆਹ ਸੀ ਪਰ ਉਸ ਦੀ ਹਾਲੇ ਟਰੇਨਿੰਗ ਚੱਲ ਰਹੀ ਸੀ ਤੇ ਉਸ ਨੂੰ ਵਿਆਹ ਲਈ ਸਿਰਫ਼ ਪੰਜ ਘੰਟਿਆਂ ਦੀ ਛੁੱਟੀ ਦਿੱਤੀ ਗਈ ਸੀ।


ਗੁਰਦੁਆਰਾ ਬੰਨੋ ਸਾਹਿਬ ਦੇ ਜਨਰਲ ਸਕੱਤਰ ਅਜੀਤ ਸਿੰਘ ਭਾਟੀਆ ਨੇ ਕਿਹਾ ਕਿ ਅੰਸ਼ਦੀਪ ਦੀ ਸਫ਼ਲਤਾ ਲਈ ਵਿਸੇਸ਼ ਅਰਦਾਸ ਕਰਵਾਈ ਗਈ ਹੈ। ਕਾਨਪੁਰ ਦੀ ਸਮੂਹ ਸਿੱਖ ਸੰਗਤ ਨੂੰ ਅੰਸ਼ਦੀਪ ਦੀ ਇਸ ਪ੍ਰਾਪਤੀ `ਤੇ ਮਾਣ ਹੈ।


ਅੰਸ਼ਦੀਪ ਦੇ ਪਰਿਵਾਰ ਦੀਆਂ ਕਾਨਪੁਰ ਨਾਲ ਕੁਝ ਭੈੜੀਆਂ ਯਾਦਾਂ ਵੀ ਜੁੜੀਆਂ ਹੋਈਆਂ ਹਨ। ਸਾਲ 1984 `ਚ ਉਦੋਂ ਦੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਜਦੋਂ ਦਿੱਲੀ ਸਮੇਤ ਦੇਸ਼ ਦੇ ਬਹੁਤ ਸਾਰੇ ਹਿੱਸਿਆਂ `ਚ ਸਿੱਖ ਕਤਲੇਆਮ ਦੀਆਂ ਘਟਨਾਵਾਂ ਵਾਪਰੀਆਂ ਸਨ, ਤਦ ਕਾਨਪੁਰ `ਚ ਅੰਸ਼ਦੀਪ ਸਿੰਘ ਭਾਟੀਆ ਦੇ ਇੱਕ ਅੰਕਲ ਤੇ ਹੋਰ ਨੇੜਲੇ ਰਿਸ਼ਤੇਦਾਰ ਦੀ ਵੀ ਮੌਤ ਹੋ ਗਈ ਸੀ।


‘ਨਵੰਬਰ 1984 ਦੇ ਦੂਜੇ ਹਫ਼ਤੇ ਅੰਸ਼ਦੀਪ ਦੀ ਇੱਕ ਆਂਟੀ ਦਾ ਵਿਆਹ ਹੋਣਾ ਤੈਅ ਸੀ। ਸਾਰੇ ਉਸ ਵਿਆਹ ਦੀਆਂ ਤਿਆਰੀਆਂ `ਚ ਰੁੱਝੇ ਹੋਏ ਸਨ ਕਿ 31 ਅਕਤੂਬਰ ਨੂੰ ਬੜਾ ਇਲਾਕੇ ਦੀ ਕੇਡੀਏ ਕਾਲੋਨੀ `ਚ ਸਥਿਤ ਉਨ੍ਹਾਂ ਦੇ ਘਰ ਅੰਦਰ ਦੰਗਾਕਾਰੀਆਂ ਦੀ ਵੱਡੀ ਭੀੜ ਜ਼ਬਰਦਸਤੀ ਘੁਸ ਗਈ ਸੀ। ਤਦ ਅੰਸ਼ਦੀਪ ਸਿੰਘ ਦੇ ਪਿਤਾ ਦਵਿੰਦਰ ਸਿੰਘ ਵੀ ਉਸ ਹਮਲੇ `ਚ ਬਹੁਤ ਬੁਰੀ ਤਰ੍ਹਾਂ ਫੱਟੜ ਹੋ ਗਏ ਸਨ। ਉਨ੍ਹਾਂ ਦੇ ਤਿੰਨ ਗੋਲੀਆਂ ਲੱਗੀਆਂ ਸਨ।`


ਉਸ ਘਿਨਾਉਣੀ ਘਟਨਾ ਤੋਂ ਬਾਅਦ ਭਾਟੀਆ ਪਰਿਵਾਰ ਦਸੰਬਰ 1984 `ਚ ਲੁਧਿਆਣਾ ਚਲਾ ਗਿਆ ਸੀ ਤੇ ਅੰਸ਼ਦੀਪ ਸਿੰਘ ਦੇ ਦਾਦਾ ਅਮਰੀਕ ਸਿੰਘ ਭਾਟੀਆ, ਜੋ ਪੰਜਾਬ ਤੇ ਸਿੰਧ ਬੈਂਕ ਦੇ ਮੈਨੇਜਰ ਸਨ, ਨੇ ਆਪਣਾ ਤਬਾਦਲਾ ਕਰਵਾ ਲਿਆ ਸੀ।


ਲੁਧਿਆਣਾ `ਚ ਅੰਸ਼ਦੀਪ ਸਿੰਘ ਦੇ ਪਿਤਾ, ਜੋ ਕਾਨਪੁਰ `ਚ ਫ਼ਾਰਮਾਸਿਊਟੀਕਲ ਦਾ ਕਾਰੋਬਾਰ ਕਰਦੇ ਰਹੇ ਸਨ, ਦਾ ਵਿਆਹ ਹੋਇਆ ਤੇ ਅੰਸ਼ਦੀਪ ਦਾ ਜਨਮ ਲੁਧਿਆਣਾ `ਚ ਹੀ ਹੋਇਆ। ਦਵਿੰਦਰ ਸਿੰਘ ਸਾਲ 2000 `ਚ ਅਮਰੀਕਾ ਜਾ ਕੇ ਵੱਸ ਗਏ ਸਨ ਤੇ ਉਦੋਂ ਅੰਸ਼ਦੀਪ ਸਿਰਫ਼ 10 ਵਰ੍ਹਿਆਂ ਦੇ ਸਨ।


ਸ੍ਰੀ ਕਮਲਜੀਤ ਸਿੰਘ ਭਾਟੀਆ ਨੇ ਦੱਸਿਆ ਕਿ ਸਾਲ 2017 ਦੌਰਾਨ ਦਵਿੰਦਰ ਸਿੰਘ ਕਾਨਪੁਰ ਆਏ ਸਨ, ਜਦੋਂ 1984 ਸਿੱਖ ਕਤਲੇਆਮ ਦੇ ਪੀੜਤਾਂ ਨੂੰ ਮੁਆਵਜ਼ਾ ਦੇਣ ਦੀ ਗੱਲ ਚੱਲੀ ਸੀ। ਪਰ ਉਹ ਲੋੜੀਂਦੇ ਦਸਤਾਵੇਜ਼ ਸਰਕਾਰ ਸਾਹਵੇਂ ਪੇਸ਼ ਨਹੀਂ ਕਰ ਸਕੇ ਸਨ, ਜਿਸ ਕਾਰਨ ਉਨ੍ਹਾਂ ਨੂੰ ਬਿਨਾ ਮੁਆਵਜ਼ੇ ਦੇ ਹੀ ਪਰਤਣਾ ਪਿਆ ਸੀ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Ludhiana guy Anshdeep Singh is in US Prez Security