ਅੱਜ ਸਊਦੀ ਅਰਾਮਕੋ ਦੇ ਦੋ ਤੇਲ ਪਲਾਂਟਾਂ ਉੱਤੇ ਡਰੋਨ ਹਵਾਈ ਜਹਾਜ਼ਾਂ ਨਾਲ ਹਮਲੇ ਕਰ ਦਿੱਤੇ ਗਏ। ਸਊਦੀ ਅਰਬ ਦੇ ਸਰਕਾਰੀ ਮੀਡੀਆ ਨੇ ਗ੍ਰਹਿ ਮੰਤਰਾਲੇ ਦੇ ਹਵਾਲੇ ਨਾਲ ਦੱਸਿਆ ਕਿ ਅਰਾਮਕੋ ਦੀਆਂ ਉਦਯੋਗਿਕ ਸੁਰੱਖਿਆ ਟੀਮਾਂ ਨੇ ਅਬਕੈਕ ਤੇ ਖੁਰੈਸ ’ਚ ਆਪਣੇ ਪਲਾਂਟਾਂ ਵਿੱਚ ਡਰੋਨ ਹਮਲੇ ਕਾਰਨ ਲੱਗੀ ਅੱਗ ਉੱਤੇ ਕਾਬੂ ਪਾਉਣਾ ਸ਼ੁਰੂ ਕੀਤਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਦੋਵੇਂ ਪਲਾਂਟਾਂ ਵਿੱਚ ਲੱਗੀ ਅੱਗ ਉੱਤੇ ਕਾਬੂ ਪਾ ਲਿਆ ਗਿਆ ਹੈ।
ਸਊਦੀ ਅਰਾਮਕੋ ਦਰਅਸਲ ਸਊਦੀ ਅਰਬ ਦੀ ਰਾਸ਼ਟਰੀ ਪੈਟਰੋਲੀਅਮ ਤੇ ਕੁਦਰਤੀ ਗੈਸ ਕੰਪਨੀ ਹੈ। ਇਹ ਆਮਦਨ ਦੇ ਮਾਮਲੇ ਵਿੱਚ ਦੁਨੀਆ ਦੀ ਕੱਚੇ ਤੇਲ ਦੀ ਸਭ ਤੋਂ ਵੱਡੀ ਕੰਪਨੀ ਹੈ। ਇਸ ਤੋਂ ਪਹਿਲਾਂ ਸਊਦੀ ਅਰਬ ਦੇ ਇੱਕ ਨਿਊਜ਼ ਚੈਨਲ ਨੇ ਦੇਸ਼ ਦੇ ਪੂਰਬੀ ਹਿੱਸੇ ਵਿੱਚ ਸਥਿਤ ਸਊਦੀ ਅਰਾਮਕੋ ਕੇਂਦਰ ਵਿੱਚ ਧਿਮਾਕਾ ਹੋਣ ਤੇ ਅੱਗ ਲੱਗਣ ਦੀ ਖ਼ਬਰ ਦਿੱਤੀ ਸੀ।
ਅਲ–ਅਰਬੀਆ ਨੇ ਪੂਰਬੀ ਸੂਬੇ ’ਚ ਦੰਮਾਮ ਨੇੜੇ ਬੁਕਯਾਕ ਵਿਖੇ ਸਨਿੱਚਰਵਾਰ ਤੜਕੇ ਅੱਗ ਲੱਗਣ ਦੀ ਖ਼ਬਰ ਦਿੱਤੀ। ਆੱਨਲਾਈਨ ਵਿਡੀਓ ਵਿੱਚ ਭਿਆਨਕ ਅੱਗ ਲੱਗੀ ਹੋਈ ਦਿਸਦੀ ਹੈ ਤੇ ਪਿੱਛਿਓਂ ਕੁਝ ਅਜਿਹੇ ਧਮਾਕੇ ਜਿਹੇ ਵੀ ਸੁਣਦੇ ਹਨ, ਜਿਵੇਂ ਗੋਲੀਆਂ ਚੱਲ ਰਹੀਆਂ ਹਨ।
ਇੱਥੇ ਵਰਨਣਯੋਗ ਹੈ ਕਿ ਅਰਾਮਕੋ ਨੂੰ ਅੱਤਵਾਦੀ ਪਹਿਲਾਂ ਵੀ ਨਿਸ਼ਾਨਾ ਬਣਾਉਂਦੇ ਰਹੇ ਹਨ। ਆਤਮਘਾਤੀ ਬੰਬਾਰਾਂ ਨੇ ਫ਼ਰਵਰੀ 2006 ’ਚ ਵੀ ਇਸ ਤੇਲ ਕੰਪਨੀ ਉੱਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਉਹ ਨਾਕਾਮ ਰਹੇ ਸਨ।