ਇਰਾਕ ਦੀ ਰਾਜਧਾਨੀ ਬਗ਼ਦਾਦ ਦੇ ਹਵਾਈ ਅੱਡੇ ’ਤੇ ਰਾਕੇਟ ਹਮਲਾ ਹੋਇਆ ਹੈ, ਜਿਸ ਵਿੱਚ ਇਰਾਕ ਅਤੇ ਈਰਾਨ ਦੇ ਕਈ ਚੋਟੀ ਦੇ ਫ਼ੌਜੀ ਅਧਿਕਾਰੀਆਂ ਦੇ ਮਾਰੇ ਜਾਣ ਦੀ ਖ਼ਬਰ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਇਸ ਹਮਲੇ ਕਾਰਨ ਰਾਕੇਟ ਨਾਲ ਲਗਭਗ 8 ਚੋਟੀ ਦੇ ਫ਼ੌਜੀ ਕਮਾਂਡਰ ਮਾਰੇ ਗਏ ਹਨ ਤੇ ਕਈ ਇਰਾਕੀ ਫ਼ੌਜੀ ਜ਼ਖ਼ਮੀ ਹੋਏ ਹਨ। ਸਥਾਨਕ ਮੀਡੀਆ ਨੇ ਇਹ ਜਾਣਕਾਰੀ ਦਿੱਤੀ ਹੈ।
ਇਰਾਕੀ ਟੀਵੀ ਤੇ ਤਿੰਨ ਅਧਿਕਾਰੀਆਂ ਨੇ ਦੱਸਿਆ ਕਿ ਬਗ਼ਦਾਦ ਦੇ ਕੌਮਾਂਤਰੀ ਹਵਾਈ ਅੱਡੇ ਉੱਤੇ ਹਵਾਈ ਹਮਲੇ ਦੌਰਾਨ ਈਰਾਨ ਦੀ ਫ਼ੌਜ ਦੇ ਟਾੱਪ ਕਮਾਂਡਰ ਜਨਰਲ ਕਾਸਿਮ ਸੁਲੇਮਾਨੀ ਦੀ ਮੌਤ ਹੋ ਗਈ ਹੈ।
ਇਸੇ ਹਮਲੇ ’ਚ ਈਰਾਨ ਵੱਲੋਂ ਸਮਰਥਿਤ ਫ਼ੌਜ ਦੇ ਡਿਪਟੀ ਕਮਾਂਡਰ ਦੀ ਵੀ ਮੌਤ ਹੋਈ ਹੈ। ਸਥਾਨਕ ਮੀਡੀਆ ਮੁਤਾਬਕ ਬਗ਼ਦਾਦ ਕੌਮਾਂਤਰੀ ਹਵਾਈ ਅੱਡੇ ਕੋਲ ਦਾਗ਼ੇ ਗਏ ਰਾਕੇਟਾਂ ਕਾਰਨ 7 ਵਿਅਕਤੀ ਮਾਰੇ ਗਏ ਹਨ ਤੇ ਕਈ ਇਰਾਕੀ ਫ਼ੌਜੀ ਜ਼ਖ਼ਮੀ ਹੋ ਗਏ ਹਨ।
ਇਸ ਹਮਲੇ ਲਈ ਅਮਰੀਕਾ ਨੂੰ ਜ਼ਿੰਮੇਵਾਰ ਦੱਸਿਆ ਜਾ ਰਿਹਾ ਹੈ। ਇੱਥੇ ਵਰਨਣਯੋਗ ਹੈ ਕਿ ਇਰਾਕੀ ਪ੍ਰਦਰਸ਼ਨਕਾਰੀਆਂ ਨੇ ਇਰਾਕ ਤੇ ਸੀਰੀਆ ’ਚ ਕਤਾਇਬ ਹਿਜ਼ਬੁੱਲ੍ਹਾ ਸ਼ੀਆ ਲੜਾਕਿਆਂ ਨੂੰ ਨਿਸ਼ਾਨਾ ਬਣਾਉਣ ਵਾਲੇ ਹਾਲੀਆ ਅਮਰੀਕਾ ਹਵਾਈ ਹਮਲਿਆਂ ਦੇ ਵਿਰੋਧ ’ਚ ਮੰਗਲਵਾਰ ਨੂੰ ਬਗ਼ਦਾਦ ਵਿਖੇ ਅਮਰੀਕੀ ਦੂਤਾਵਾਸ ਉੱਤੇ ਹਮਲਾ ਕਰ ਕੇ ਬਾਹਰਲੀ ਵਾੜ ’ਚ ਅੱਗ ਲਾ ਦਿੱਤੀ ਸੀ।
ਇਸ ਹਮਲੇ ਤੋਂ ਬਾਅਦ ਕੌਮਾਂਤਰੀ ਪੱਧਰ ਉੱਤੇ ਤਣਾਅ ਵਧ ਸਕਦਾ ਹੈ।