ਲੰਬੇ ਸਮੇਂ ਤੋਂ ਕੈਨੇਡਾ 'ਚ ਭੰਗ ਦੀ ਫ਼ਸਲ ਤੇ ਇਸ ਦੀ ਖ਼ਰੀਦ-ਵੇਚ ਲਈ ਮਨਜ਼ੂਰੀ ਦੀ ਉਡੀਕ ਕੀਤੀ ਜਾ ਰਹੀ ਸੀ। ਅੱਜ 19 ਮਈ ਨੂੰ ਲਿਬਰਲ ਸਰਕਾਰ ਨੇ ਇਸ ਦੀ ਮਨਜ਼ੂਰੀ ਦੇ ਦਿੱਤੀ ਤੇ ਸਤੰਬਰ ਦੇ ਅੱਧ ਤੱਕ ਕੈਨੇਡਾ ਦੇ ਹਰ ਸ਼ਹਿਰ 'ਚ ਭੰਗ ਦੇ ਸਟੋਰ ਖੁੱਲ੍ਹਣ ਦੀ ਆਸ ਹੈ।
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਟਵੀਟ ਕਰਦਿਆਂ ਕਿਹਾ ਕਿ ਸਾਡੇ ਬੱਚਿਆਂ ਨੂੰ ਭੰਗ ਪ੍ਰਾਪਤ ਕਰਨਾ ਬਹੁਤ ਆਸਾਨ ਹੋ ਰਿਹਾ ਹੈ ਤੇ ਜੋ ਵਿਅਕਤੀ ਭੰਗ ਦੀ ਨਾਜਾਇਜ਼ ਖੇਤੀ ਜਾਂ ਵਿਕਰੀ ਕਰਦੇ ਸਨ ਉਨ੍ਹਾਂ ਨੂੰ ਕਾਨੂੰਨੀ ਦਾਇਰੇ 'ਚ ਲਿਆਂਦਾ ਜਾਵੇਗਾ।
ਦੇਸ਼ 'ਚ ਇਸ ਦੀ ਮਨਜ਼ੂਰੀ ਨੂੰ ਲੈ ਕੇ ਕਾਫ਼ੀ ਲੰਬੇ ਸਮੇਂ ਤੋਂ ਕਸ਼ਮ-ਕਸ਼ ਚੱਲ ਰਹੀ ਸੀ ਜਿਸ 'ਚ ਜਿੱਥੇ ਸਿਹਤ ਮਾਹਰ ਇਸ ਨੂੰ ਠੀਕ ਆਖ ਰਹੇ ਸਨ ਉਥੇ ਹੀ ਕੁੱਝ ਸਮਾਜ ਭਲਾਈ ਸੰਸਥਾਵਾਂ ਜਿਸ 'ਚ ਵੱਡੀ ਗਿਣਤੀ ਪੰਜਾਬੀ ਭਾਈਚਾਰੇ ਦੀ ਵੀ ਹੈ ਇਸ ਨੂੰ ਮਨਜ਼ੂਰੀ ਨਾ ਦੇਣ ਦੀ ਗੱਲ ਆਖ ਰਹੀਆਂ ਸਨ। ਮਾਤਾ-ਪਿਤਾ ਆਪਣੇ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਹਾਲੇ ਵੀ ਇਸ ਦਾ ਤਿੱਖੇ ਸ਼ਬਦਾਂ 'ਚ ਵਿਰੋਧ ਕਰ ਰਹੇ ਹਨ, ਕੈਲਗਰੀ ਤੋਂ ਪੰਜਾਬੀ ਭਾਈਚਾਰੇ ਨਾਲ ਸਬੰਧਤ ਲੋਕਾਂ ਨੇ ਆਪਣੇ ਨੇੜੇ ਦੇ ਇਲਾਕਿਆਂ 'ਚ ਭੰਗ ਦੇ ਸਟੋਰ ਖੁੱਲ੍ਹਣ ਦਾ ਵਿਰੋਧ ਕੀਤਾ ਹੈ।
ਸਰਕਾਰ ਦਾ ਇਹ ਫ਼ੈਸਲਾ ਨੌਜਵਾਨ ਪੀੜ੍ਹੀ ਲਈ ਕਿੱਥੋਂ ਤੱਕ ਕਾਰਗਰ ਹੋਵੇਗਾ ਇਹ ਭਵਿੱਖ ਹੀ ਤੈਅ ਕਰੇਗਾ ਪਰ ਇਸ ਗੱਲ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਨਸ਼ਾ ਕਿਸੇ ਵੀ ਕਿਸਮ ਦਾ ਹੋਵੇ ਸਾਡੇ ਸਰੀਰ ਨੂੰ ਆਪਣੀ ਪਕੜ 'ਚ ਲੈ ਲੈਂਦਾ ਹੈ ਜਿਸ 'ਚੋਂ ਨਿੱਕਲਣਾ ਮੁਸ਼ਕਲ ਹੋ ਜਾਂਦਾ ਹੈ।