ਕੋਰੋਨਾ ਵਾਇਰਸ ਦੇ ਸੰਕਟ ਨਾਲ ਪੂਰੀ ਦੁਨੀਆ ਜੂਝ ਰਹੀ ਹੈ। ਇਟਲੀ ’ਚ ਕੱਲ੍ਹ ਸਨਿੱਚਰਵਾਰ ਨੂੰ ਇੱਕ ਦਿਨ ਵਿੱਚ ਰਿਕਾਰਡ 793 ਵਿਅਕਤੀਆਂ ਦੀ ਮੌਤ ਹੋ ਗਈ ਹੈ। ਇਹ ਇਸ ਵਾਇਰਸ ਕਾਰਨ ਹੋਣ ਵਾਲੀਆਂ ਮੌਤਾਂ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਅੰਕੜਾ ਹੈ। ਉਂਝ ਵੀ ਇਟਲੀ ਜਿੰਨੀਆਂ ਮੌਤਾਂ ਪੂਰੀ ਦੁਨੀਆਂ ’ਚ ਇਸ ਵਾਇਰਸ ਕਰਕੇ ਹੋਰ ਕਿਤੇ ਵੀ ਨਹੀਂ ਹੋਈਆਂ। ਇਟਲੀ ’ਚ ਹੁਣ ਤੱਕ ਇਸ ਵਾਇਰਸ ਕਾਰਨ 4,825 ਵਿਅਕਤੀਆਂ ਦੀ ਜਾਨ ਜਾ ਚੁੱਕੀ ਹੈ।
ਪੂਰੀ ਦੁਨੀਆ ’ਚ ਹੁਣ ਤੱਕ ਕੋਰੋਨਾ ਵਾਇਰਸ 12,000 ਤੋਂ ਵੱਧ ਜਾਨਾਂ ਲੈ ਚੁੱਕਾ ਹੈ ਤੇ ਪੌਣੇ ਤਿੰਨ ਲੱਖ ਤੋਂ ਵੀ ਵੱਧ ਵਿਅਕਤੀ ਇਸ ਦੀ ਲਪੇਟ ’ਚ ਆ ਕੇ ਜ਼ਿੰਦਗੀ ਤੇ ਮੌਤ ਨਾਲ ਜੂਝ ਰਹੇ ਹਨ।
ਕੋਰੋਨਾ ਵਾਇਰਸ ਦਾ ਕਹਿਰ ਚੀਨ ਤੋਂ ਸ਼ੁਰੂ ਹੋਇਆ ਸੀ ਪਰ ਚੀਨ ਨੇ ਇਸ ਵਾਇਰਸ ਉੱਤੇ ਕਾਬੂ ਪਾ ਲਿਆ ਹੈ। ਪਿਛਲੇ ਤਿੰਨ ਦਿਨਾਂ ਤੋਂ ਉੱਥੇ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਇੱਕ ਵੀ ਨਵਾਂ ਮਰੀਜ਼ ਸਾਹਮਣੇ ਨਹੀਂ ਆਇਆ।
ਉੱਧਰ ਇਟਲੀ ’ਚ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਲਈ ਏਅਰ ਇੰਡੀਆ ਦਾ ਇੱਕ ਹਵਾਈ ਜਹਾਜ਼ ਕੱਲ੍ਹ ਰਵਾਨਾ ਹੋਇਆ ਸੀ। ਉਹ 263 ਵਿਦਿਆਰਥੀਆਂ ਨੂੰ ਲੈ ਕੇ ਭਾਰਤ ਲਈ ਰਵਾਨਾ ਹੋ ਚੁੱਕਾ ਹੈ।
ਅਮਰੀਕੀ ਉੱਪ–ਰਾਸ਼ਟਰਪਤੀ ਮਾਈਕ ਪੈਂਸ ਦੇ ਦਫ਼ਤਰ ਦਾ ਇੱਕ ਮੁਲਾਜ਼ਮ ਕੋਰੋਨਾ ਵਾਇਰਸ ਦੀ ਲਾਗ ਦੀ ਲਪੇਟ ’ਚ ਆ ਗਿਆ ਹੈ। ਵ੍ਹਾਈਟ ਹਾਊਸ ’ਚ ਸਾਹਮਣੇ ਆਇਆ ਕੋਰੋਨਾ=ਪਾਜ਼ਿਟਿਵ ਦਾ ਇਹ ਪਹਿਲਾ ਮਾਮਲਾ ਹੈ।
ਇਸ ਦੌਰਾਨ ਉੱਪ–ਰਾਸ਼ਟਰਪਤੀ ਮਾਈਕ ਪੈਂਸ ਤੇ ਉਨ੍ਹਾਂ ਦੀ ਪਤਨੀ ਵੱਲੋਂ ਕੋਵਿਡ–19 ਟੈਸਟ ਕਰਵਾਉਣ ਦੀ ਖ਼ਬਰ ਮਿਲੀ ਹੈ।
ਉੱਧਰ ਈਰਾਨ ’ਚ ਕੱਲ੍ਹ ਕੋਰੋਨਾ ਵਾਇਰਸ ਕਾਰਨ 123 ਹੋਰ ਵਿਅਕਤੀਆਂ ਦੀ ਮੌਤ ਹੋ ਗਈ; ਇੰਝ ਉੱਥੇ ਇਸ ਵਾਇਰਸ ਕਾਰਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵਧ ਕੇ 1,556 ਹੋ ਗਈ ਹੈ। ਇਸ ਤੋਂ ਇਲਾਵਾ ਈਰਾਨ. ’ਚ ਹੁਦ ਤੱਕ ਕੋਰੋਨਾ ਦੇ ਕੁੱਲ 20,610 ਮਾਮਲੇ ਸਾਹਮਣੇ ਆ ਚੁੱਕੇ ਹਨ।