ਅਮਰੀਕਾ ਦੀ ਪਹਿਲੀ ਮਹਿਲਾ ਮੇਲਾਨੀਆ ਟਰੰਪ ਨੇ ਕਿਹਾ ਕਿ ਉਹ ਆਪਣੇ ਪਤੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਹਰ ਗੱਲ ਦਾ ਸਮਰਥਨ ਨਹੀਂ ਕਰਦੀ। ਮੇਲਾਨੀਆ ਨੇ ਮਿਸਰ `ਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਇਹ ਗੱਲ ਕਹੀ।
ਇਹ ਪਹਿਲੀ ਵਾਰ ਨਹੀਂ ਹੈ ਜਦੋਂ ਮੇਲਾਨੀਆ ਨੇ ਸਿੱਧੇ ਤੌਰ `ਤੇ ਖੁਦ ਟਰੰਪ ਬਾਰੇ ਗੱਲਬਾਤ ਕੀਤੀ ਹੈ। ਇਕ ਪੱਤਰਕਾਰ ਨੇ ਮੇਲਾਨੀਆ ਨੂੰ ਟਰੰਪ ਦੀ ਟਵੀਟਰ ਆਦਤ ਸਬੰਧੀ ਸਵਾਲ ਕੀਤਾ ਤਾਂ ਉਨ੍ਹਾਂ ਕਿਹਾ ਕਿ ਮੈਂ ਹਮੇਸ਼ਾ ਉਨ੍ਹਾਂ ਦੇ (ਟਰੰਪ) ਟਵੀਟ ਨਾਲ ਸਹਿਮਤ ਨਹੀਂ ਹੁੰਦੀ ਅਤੇ ਇਸ ਬਾਰੇ ਟਰੰਪ ਨੂੰ ਦੱਸਦੀ ਵੀ ਹਾਂ। ਉਨ੍ਹਾਂ ਕਿਹਾ ਕਿ ਮੈਂ ਉਨ੍ਹਾਂ ਨੂੰ ਕਈ ਮਾਮਲਿਆਂ `ਚ ਇਮਾਨਦਾਰ ਸਲਾਹ ਅਤੇ ਰਾਏ ਵੀ ਦਿੰਦੀ ਹਾਂ, ਪ੍ਰੰਤੂ ਕਈ ਵਾਰ ਉਹ ਮੇਰੀ ਗੱਲ ਮੰਨਦੇ ਹਨ ਅਤੇ ਕਈ ਬਾਰ ਨਹੀਂ।
ਮੋਬਾਇਲ ਬੰਦ ਕਰਨ ਲਈ ਵੀ ਕਹਿੰਦੀ ਹਾਂ
ਮੇਲਾਨੀਆ ਨੇ ਕਿਹਾ ਕਿ ਮੇਰੀ ਖੁਦ ਦੀ ਵੀ ਇਕ ਆਵਾਜ਼ ਹੈ ਅਤੇ ਮੇਰੇ ਲਈ ਇਹ ਜ਼ਰੂਰੀ ਹੈ ਕਿ ਮੈਂ ਉਸ ਨੂੰ ਪ੍ਰਗਟ ਕਰੂ। ਇਹ ਪੁੱਛੇ ਜਾਣ `ਤੇ ਕੀ ਉਹ ਕਦੇ ਟਰੰਪ ਨੂੰ ਮੋਬਾਇਲ ਬੰਦ ਕਰਨ ਲਈ ਕਹਿੰਦੀ ਹੈ। ਇਸ `ਤੇ ਮੇਲਾਨੀਆ ਨੇ ਹਾਂ `ਚ ਉਤਰ ਦਿੱਤਾ।
ਪਿਰਮਿਡ ਦੇਖਣ ਪਹੁੰਚੀ ਸੀ
ਮੇਲਾਨੀਆ ਆਪਣੇ ਛੇ ਦਿਨ ਦੇ ਅਫਰੀਕੀ ਦੌਰੇ `ਤੇ ਮਿਸਰ ਦਾ ਅਜੂਬਾ ਕਹੇ ਜਾਣ ਵਾਲੇ ਪਿਰਾਮਿਡ ਦੇਖਣ ਪਹੁੰਚੀ ਸੀ। ਇੱਥੇ ਪੱਤਰਕਾਰਾਂ ਨੇ ਉਨ੍ਹਾਂ ਨੂੰ ਦੇਖਦੇ ਹੀ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ। ਆਮ ਤੌਰ `ਤੇ ਸ਼ਾਂਤ ਰਹਿਣ ਵਾਲੀ ਮੇਲਾਨੀਆ ਨੇ ਇਸ ਬਾਰ ਪੱਤਰਕਾਰਾਂ ਨਾਲ ਗੱਲ ਕਰਨ ਲਈ ਹਾਮੀ ਭਰ ਦਿੱਤੀ ਅਤੇ ਕਈ ਸਵਾਲਾਂ ਦੇ ਜਵਾਬ ਦਿੱਤੇ।
ਕੰਮ `ਤੇ ਧਿਆਨ ਦਿਓ, ਨਾ ਕਿ ਕੱਪੜਿਆਂ `ਤੇ
ਪਿਰਾਮਿਡ ਦੇ ਸਾਹਮਣੇ ਖੜ੍ਹੀ ਮੇਲਾਨੀਆ ਦੇ ਸਫੇਦ ਹੈਲਮੇਟ ਸਬੰਧੀ ਇਕ ਪੱਤਰਕਾਰ ਨੇ ਪੁੱਛਿਆ ਕੀ ਇਹ ਬ੍ਰਿਟਿਸ਼ ਸਾਮਰਾਜਵਾਦ ਦੀ ਨਿਸ਼ਾਨੀ ਹੈ, ਤਾਂ ਉਨ੍ਹਾਂ ਕਿਹਾ ਕਿ ਖੁਸ਼ੀ ਹੋਵੇਗੀ ਜੇਕਰ ਲੋਕ ਉਨ੍ਹਾਂ ਦੇ ਕੰਮਾਂ `ਤੇ ਧਿਆਨ ਦੇਣ, ਨਾ ਕਿ ਕੱਪੜਿਆਂ `ਤੇ।