ਵਿਸ਼ਵ ਪੱਧਰੀ ਮਹਾਮਾਰੀ ਬਣ ਚੁੱਕੇ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਹਾਲ ਇਹ ਹੈ ਕਿ ਸ਼ੁਰੂਆਤ 'ਚ ਸੰਕਰਮਿਤ ਲੋਕਾਂ ਦੇ ਮਾਮਲੇ ਵਿੱਚ ਬਹੁਤ ਪਿੱਛੇ ਚੱਲ ਰਹੇ ਰੂਸ 'ਚ ਹੁਣ ਹਾਲਾਤ ਬੇਕਾਬੂ ਹਨ। ਹੁਣ ਇੱਥੇ ਹਰ ਰੋਜ਼ ਹਜ਼ਾਰਾਂ ਕੇਸ ਆ ਰਹੇ ਹਨ।
ਐਤਵਾਰ ਨੂੰ 11,012 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਹੁਣ ਕੁਲ ਪੀੜਤ ਲੋਕਾਂ ਦੀ ਗਿਣਤੀ 2,09,668 ਹੋ ਗਈ ਹੈ, ਜਦਕਿ 1915 ਲੋਕਾਂ ਦੀ ਇਸ ਕਾਰਨ ਮੌਤ ਹੋ ਚੁੱਕੀ ਹੈ। ਹੁਣ ਤਕ 34,306 ਲੋਕ ਇਲਾਜ ਤੋਂ ਬਾਅਦ ਠੀਕ ਹੋ ਚੁੱਕੇ ਹਨ। ਰੂਸ 2 ਲੱਖ ਤੋਂ ਵੱਧ ਸੰਕਰਮਿਤ ਲੋਕਾਂ ਵਾਲੇ ਦੇਸ਼ਾਂ 'ਚ ਪੰਜਵੇਂ ਨੰਬਰ 'ਤੇ ਪਹੁੰਚ ਗਿਆ ਹੈ। ਪੂਰੀ ਦੁਨੀਆ 'ਚ ਕੋਰੋਨਾ ਵਾਇਰਸ ਦੇ ਹੁਣ ਤਕ 41,80,923 ਮਾਮਲੇ ਸਾਹਮਣੇ ਆ ਚੁੱਕੇ ਹਨ।
ਉੱਧਰ ਅਫ਼ਰੀਕਾ 'ਚ ਹੁਣ ਤਕ ਕੋਰੋਨਾ ਲਾਗ ਦੇ 63,458 ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਇਨ੍ਹਾਂ ਵਿੱਚੋਂ 2,267 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਬਿਮਾਰੀ ਰੋਕਥਾਮ ਕੇਂਦਰਾਂ ਦੇ ਅੰਕੜਿਆਂ ਅਨੁਸਾਰ ਮਹਾਂਦੀਪ ਦੇ ਸਾਰੇ 54 ਦੇਸ਼ਾਂ 'ਚ ਕੋਰੋਨਾ ਦੇ ਮਰੀਜ਼ ਸਾਹਮਣੇ ਆਏ ਹਨ। ਦੱਖਣੀ ਅਫ਼ਰੀਕਾ 'ਚ ਸਭ ਤੋਂ ਵੱਧ 9,420 ਮਾਮਲੇ ਸਾਹਮਣੇ ਆਏ ਹਨ। ਜਾਂਚ ਸਮਰੱਥਾ ਦੀ ਕਮੀ ਇਨ੍ਹਾਂ ਦੇਸ਼ਾਂ ਲਈ ਚੁਣੌਤੀ ਹੈ। ਮੰਨਿਆ ਜਾ ਰਿਹਾ ਹੈ ਕਿ ਮਰੀਜ਼ਾਂ ਦੀ ਗਿਣਤੀ ਹੋਰ ਵੱਧ ਹੋ ਸਕਦੀ ਹੈ। ਕੁਝ ਦੇਸ਼ਾਂ ਨੇ ਖ਼ਤਰੇ ਦੇ ਬਾਵਜੂਦ ਲੌਕਡਾਊਨ 'ਚ ਢਿੱਲ ਦੇਣੀ ਸ਼ੁਰੂ ਕਰ ਦਿੱਤੀ ਹੈ।
ਆਸਟ੍ਰੇਲੀਆ ਦੇ 8 'ਚੋਂ 6 ਸੂਬਿਆਂ ਤੇ ਖੇਤਰਾਂ 'ਚ ਕੋਰੋਨਾ ਵਾਇਰਸ ਦੀ ਲਾਗ ਦਾ ਨਵਾਂ ਕੇਸ ਨਹੀਂ ਮਿਲਿਆ ਹੈ ਅਤੇ ਇਹ ਸੂਬੇ ਕੋਰੋਨਾ ਮੁਕਤ ਹਨ। ਸਿਹਤ ਮੰਤਰੀ ਗ੍ਰੇਗ ਹੰਟ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਐਤਵਾਰ ਨੂੰ ਦੱਸਿਆ ਕਿ ਬੀਤੀ ਰਾਤ ਵਿਕਟੋਰੀਆ ਸੂਬੇ 'ਚ ਕੋਰੋਨਾ ਦੀ ਲਾਗ ਦੇ 10 ਅਤੇ ਨਿਊ ਸਾਊਥ ਵੇਲਜ਼ 'ਚ 2 ਨਵੇਂ ਮਾਮਲੇ ਸਾਹਮਣੇ ਆਏ ਹਨ। ਜਦਕਿ ਪੱਛਮੀ ਆਸਟ੍ਰੇਲੀਆ, ਦੱਖਣੀ ਆਸਟ੍ਰੇਲੀਆ, ਕੁਈਨਜ਼ਲੈਂਡ, ਤਸਮਾਨੀਆ, ਆਸਟ੍ਰੇਲੀਆਈ ਰਾਜਧਾਨੀ ਅਤੇ ਉੱਤਰੀ ਸੂਬੇ ਵਿੱਚ ਕੋਈ ਕੇਸ ਨਹੀਂ ਆਇਆ ਹੈ।
ਅਮਰੀਕਾ 'ਚ ਕੋਰੋਨਾ ਤੋਂ ਹੁਣ ਤਕ 80 ਹਜ਼ਾਰ ਤੋਂ ਵੱਧ ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਅੰਕੜਿਆਂ ਅਨੁਸਾਰ ਇੱਥੇ 80,351 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਸੰਕਰਮਿਤ ਦੀ ਗਿਣਤੀ 13,53,534 ਤਕ ਪਹੁੰਚ ਗਈ ਹੈ। ਨਿਊਯਾਰਕ 'ਚ ਸਭ ਤੋਂ ਵੱਧ 3,43,409 ਮਾਮਲੇ ਸਾਹਮਣੇ ਆਏ ਹਨ, ਜਦਕਿ 26,771 ਮਰੀਜ਼ਾਂ ਦੀ ਮੌਤ ਹੋ ਗਈ ਹੈ। ਨਿਊ ਜਰਸੀ 'ਚ 1,38,579 ਸੰਕਰਮਿਤ ਲੋਕਾਂ ਵਿੱਚੋਂ 9,255 ਆਪਣੀ ਜਾਨ ਗੁਆ ਚੁੱਕੇ ਹਨ। ਮੈਸੇਚਿਊਸੇਟਸ, ਇਲੀਨੋਇਸ, ਕੈਲੇਫ਼ੋਰਨੀਆ ਅਤੇ ਪੈਨਸਿਲਵੇਨੀਆ 'ਚ 50,000 ਤੋਂ ਵੱਧ ਮਰੀਜ਼ ਹਨ। ਬ੍ਰਾਜ਼ੀਲ 'ਚ ਬੀਤੇ ਦਿਨੀਂ 730 ਨਵੀਂ ਮੌਤਾਂ ਨਾਲ ਮਰਨ ਵਾਲਿਆਂ ਦੀ ਕੁਲ ਗਿਣਤੀ 10,739 ਹੋ ਗਈ ਹੈ।