ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਸਾਬਕਾ ਫ਼ੌਜੀ ਤਾਨਾਸ਼ਾਹ ਪਰਵੇਜ਼ ਮੁਸ਼ੱਰਫ਼ ਦੇ ਖਿਲਾਫ਼ ਦੇਸ਼ਧ੍ਰੋਹ ਦੇ ਮਾਮਲੇ ਚ ਆਪਣਾ ਬਿਆਨ ਦਰਜ ਕਰਾਉਣ ਲਈ ਉਨ੍ਹਾਂ ਨੂੰ ਤਿੰਨ ਰਸਤੇ ਦਿੱਤੇ ਹਨ। ਅਦਾਲਤ ਨੇ ਇਹ ਵੀ ਕਿਹਾ ਹੈ ਕਿ ਜੇਕਰ ਵਿਸ਼ੇਸ਼ ਅਦਾਲਤ ਮੁ਼ਸ਼ੱਰਫ਼ ਦਾ ਬਿਆਨ ਦਰਜ ਕਰਨ ਚ ਅਸਫ਼ਲ ਰਹਿੰਦੀ ਹੈ ਤਾਂ ਸਿਖਰਲੀ ਅਦਾਲਤ ਇਸ ਮਾਮਲੇ ਚ ਦਖਲ ਦੇਵੇਗੀ।
ਚੀਫ਼ ਜਸਟਿਸ ਆਸਿਫ਼ ਸਈਦ ਖੋਸਾ ਦੀ ਪ੍ਰਧਾਨਗੀ ਵਾਲੀ ਤਿੰਨ ਮੈਂਬਰੀ ਬੈਂਚ ਨੇ ਕਿਹਾ ਕਿ ਮੁਸ਼ੱਰਫ਼ ਦਾ ਮੁਕੱਦਮਾ ਹਰੇਕ ਹਾਲਤ ਚ ਚਲੇਗਾ। ਅਦਾਲਤ ਨੇ ਸੁਣਵਾਈ ਦੌਰਾਨ ਪਰਵੇਜ਼ ਮੁ਼ਸ਼ੱਰਫ਼ ਦੇ ਲਗਾਤਾਰ ਗ਼ੈਰ–ਹਾਜ਼ਰ ਰਹਿਣ ਤੇ ਵੀ ਨਾਰਾਜ਼ਗੀ ਪ੍ਰਗਟਾਈ।
ਜਸਟਿਸ ਖੋਸਾ ਨੇ ਕਿਹਾ ਕਿ ਕਦੇ ਮੁ਼ਸ਼ੱਰਫ਼ ਹਸਪਤਾਲ ਜਾਂਦੇ ਹਨ ਤੇ ਕਦੇ ਆਪਣੇ ਘਰ ਜਾਂਦੇ ਹਨ। ਪਿਛਲੀ ਸੁਣਵਾਈ ਮਗਰੋਂ ਸਾਨੂੰ ਭਰੋਸਾ ਸੀ ਕਿ ਉਹ ਹਸਪਤਾਲ ਚ ਭਰਤੀ ਹੋ ਜਾਣਗੇ। ਅਜਿਹਾ ਲੱਗਦਾ ਹੈ ਕਿ ਅਦਾਲਤ ਆਉਂਦੇ ਸਮੇਂ ਉਨ੍ਹਾਂ ਦੀ ਗੱਡੀ ਗਲਤ ਪਾਸੇ ਮੁੜ ਜਾਂਦੀ ਹੈ।
ਜਸਟਿਸ ਖੋਸਾ ਨੇ ਅੱਗੇ ਕਿਹਾ, ਇਕ ਰਸਤਾ ਇਹ ਹੈ ਕਿ ਮੁਸ਼ੱਰਫ਼ ਅਗਲੀ ਸੁਣਵਾਈ ਚ ਹਾਜ਼ਰ ਹੋਣ। ਦੂਜਾ ਰਸਤਾ ਇਹ ਹੈ ਕਿ ਮੁ਼ਸ਼ੱਰਫ਼ ਨੂੰ ਵੀਡੀਓ ਲਿੰਕ ਦੁਆਰਾ ਆਪਣਾ ਬਿਆਨ ਦਰਜ ਕਰਾਉਣਾ ਚਾਹੀਦਾ ਹੈ। ਤੀਜਾ ਰਸਤਾ ਇਹ ਹੈ ਕਿ ਮੁ਼ਸ਼ੱਰਫ਼ ਦੇ ਵਕੀਲ ਸਲਮਾਨ ਸਫਦਰ ਨੂੰ ਉਨ੍ਹਾਂ ਵਲੋਂ ਜਵਾਬ ਦੇਣਾ ਚਾਹੀਦਾ ਹੈ।
ਜਸਟਿਸ ਖੋਸਾ ਨੇ ਇਹ ਵੀ ਕਿਹਾ ਕਿ ਸਾਬਕਾ ਰਾਸ਼ਟਰਪਤੀ ਆਪਣੇ ਘਸੁੰਨ ਦਿਖਾਇਆ ਕਰਦੇ ਸਨ ਪਰ ਅਦਾਲਤ ਨੂੰ ਉਹ ਘਸੁੰਨ ਨਾ ਦਿਖਾਉਣ। ਜੇਕਰ ਦੋਸ਼ੀ ਅਦਾਲਤ ਚ ਪੇਸ਼ ਨਹੀਂ ਹੋਵੇਗਾ ਤਾਂ ਕੀ ਕੀਤਾ ਜਾ ਸਕਦਾ ਹੈ।
ਇਸ ਤੋਂ ਬਾਅਦ ਮੁਸ਼ੱਰਫ਼ ਦੇ ਵਕੀਲ ਨੇ ਸਾਰੇ ਪਹਿਲੂਆਂ ਨੂੰ ਖਾਰਿਜ ਕਰ ਦਿੱਤਾ ਤੇ ਕਿਹਾ ਕਿ ਉਨ੍ਹਾਂ ਦੇ ਮੁਅੱਕਿਲ ਨਿਜੀ ਤੌਰ ਤੇ ਜਾਂ ਵੀਡੀਓ ਲਿੰਕ ਰਾਹੀਂ ਸਵਾਲਾਂ ਦੇ ਜਵਾਬ ਨਹੀਂ ਦੇ ਸਕਦੇ, ਕਿਉਂਕਿ ਉਹ ਕਾਫੀ ਬੀਮਾਰ ਹਨ।
ਦੱਸਣਯੋਗ ਹੈ ਕਿ 75 ਸਾਲਾ ਮੁ਼ਸ਼ੱਰਫ਼ ਸਾਲ 2016 ਤੋਂ ਦੁਬਈ ਚ ਰਹਿ ਰਹੇ ਹਨ। ਸਾਲ 2007 ਚ ਪਾਕਿਸਤਾਨ ਦਾ ਸੰਵਿਧਾਨ ਬਰਖ਼ਾਸਤ ਕਰਨ ਦੇ ਮਾਮਲੇ ਚ ਉਨ੍ਹਾਂ ਖਿਲਾਫ਼ ਦੇਸ਼ਧ੍ਰੋਹ ਦਾ ਮਾਮਲਾ ਚੱਲ ਰਿਹਾ ਹੈ। ਦੇਸ਼ਧ੍ਰੋਹ ਦੇ ਮਾਮਲੇ ਚ ਦੋਸ਼ੀ ਪਾਏ ਜਾਣ ਤੇ ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ਼ ਨੂੰ ਮੌਤ ਦੀ ਸਜ਼ਾ ਜਾਂ ਉਮਰ–ਕੈਦ ਹੋ ਸਕਦੀ ਹੈ।
.