ਪਾਸਿਕਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ਼ ਨੇ ‘ਆਲ ਪਾਕਿਸਤਾਨ ਮੁਸਲਿਮ ਲੀਗ` ਦੇ ਚੇਅਰਮੈਨ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਇਹ ਜਾਣਕਾਰੀ ਪਾਰਟੀ ਦੇ ਨਵੇਂ ਚੇਅਰਮੈਨ ਮੁਹੰਮਦ ਅਮਜਦ ਨੇ ਦਿੱਤੀ।
ਸਾਬਕਾ ਫ਼ੌਜੀ ਹਾਕਮ ਨੇ ਆਪਣਾ ਅਸਤੀਫ਼ਾ ਪਾਕਿਸਤਾਨ ਦੇ ਚੋਣ ਕਮਿਸ਼ਨ ਨੂੰ ਭੇਜ ਦਿੱਤਾ ਹੈ ਕਿਉਂਕਿ ਹੁਣ ਉਹ ਵਿਦੇਸ਼ ਵਿੱਚ ਰਹਿੰਦੇ ਹਨ, ਇਸ ਲਈ ਉੱਥੋਂ ਉਨ੍ਹਾਂ ਲਈ ਪਾਰਟੀ ਦਾ ਸਾਰਾ ਕੰਮਕਾਜ ਵੇਖਣਾ ਅਸੰਭਵ ਸੀ।
ਇਸ ਤੋਂ ਪਹਿਲਾਂ ਚੋਣ ਕਮਿਸ਼ਨ ਨੇ ਐੱਨਏ-1 ਚਿਤਰਾਲ ਲਈ ਮੁਸ਼ੱਰਫ਼ ਦੇ ਨਾਮਜ਼ਦਗੀ ਕਾਗਜ਼ ਰੱਦ ਕਰ ਦਿੱਤੇ ਸਨ। ਉਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਆਉਂਦੀਆਂ ਆਮ ਚੋਣਾਂ ਲਈ ਉਨ੍ਹਾਂ ਦੇ ਨਾਮਜ਼ਦਗੀ ਕਾਗਜ਼ ਦਾਖ਼ਲ ਕਰਨ ਸਬੰਧੀ ਆਪਣੀ ਬਾਸ਼ਰਤ ਮਨਜ਼ੂਰੀ ਵਾਪਸ ਲੈ ਲਈ ਸੀ।
ਨਵੇਂ ਚੇਅਰਮੈਨ ਮੁਹੰਮਦ ਅਮਜਦ ਪਹਿਲਾਂ ਪਾਰਟੀ ਦੇ ਜਨਰਲ ਸਕੱਤਰ ਹੁੰਦੇ ਸਨ ਤੇ ਹੁਣ ਸਰਬਉੱਚ ਅਹੁਦੇ `ਤੇ ਪੁੱਜੇ ਹਨ। ਉਂਝ ਪਰਵੇਜ਼ ਮੁਸ਼ਰਫ਼ ਪਾਰਟੀ ਦੇ ਸੁਪਰੀਮੋ ਬਣੇ ਰਹਿਣਗੇ। ਮੁਸ਼ੱਰਫ਼ ਨੇ ਇਸ ਪਾਰਟੀ ਦੀ ਸਥਾਪਨਾ 2010 `ਚ ਕੀਤੀ ਸੀ ਅਤੇ 2013 ਦੀਆਂ ਚੋਣਾਂ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਸੀ।