ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਵ- ਪ੍ਰਯੋਗਵਾਦੀ ਫਰਾਂਸੀਸੀ ਚਿੱਤਰਕਾਰ: ਯਾਂ ਡੂਬੂਫੇ

ਨਵ- ਪ੍ਰਯੋਗਵਾਦੀ ਫਰਾਂਸੀਸੀ ਚਿੱਤਰਕਾਰ: ਯਾਂ ਡੂਬੂਫੇ

ਫਰਾਂਸੀਸੀ ਚਿੱਤਰਕਾਰ ਯਾਂ ਡੂਬੂਫੇ (Jean Dubuffet) ਨੇ ਆਪਣੇ ਚਿੱਤਰਾਂ ਵਿੱਚ ਸਾਮੱਗਰੀ ਅਤੇ ਧਰਾਤਲ ਦੀਆਂ ਸੰਭਾਵਨਾਵਾਂ ਨੂੰ ਪ੍ਰਸਤੁਤ ਕੀਤਾ ਹੈ, ਜਿਹੜੇ ਕਿ ਜਨ- ਸਾਧਾਰਨ ਵਿਸ਼ਿਆਂ ਨਾਲ ਸਬੰਧਤ ਹਨ। ਆਪਣੇ ਸਮੁੱਚੇ ਕਰੀਅਰ ਦੌਰਾਨ ਉਸ ਨੇ ਸੌਂਦਰਯ ਅਤੇ ਰੂੜ੍ਹੀਗਤ ਵਿਚਾਰਾਂ ਪ੍ਰਤੀ ਆਪਣੀ ਤਿੱਖੀ ਪ੍ਰਤੀਕਿਰਿਆ ਜ਼ਾਹਿਰ ਕੀਤੀ ਅਤੇ ਹਮੇਸ਼ਾ ਹੀ ਕਲਾਤਮਕ ਲਹਿਰਾਂ ਨਾਲੋਂ ਅਲੱਗ- ਥਲੱਗ ਰਿਹਾ।

 

 

       ਡੂਬੂਫੇ ਦਾ ਜਨਮ 31ਜੁਲਾਈ 1901 ਈ. ਨੂੰ ਫਰਾਂਸ ਵਿੱਚ ਲ' ਹਾਵਰੇ (Le Havre) ਵਿਖੇ ਸ਼ਰਾਬ ਦੇ ਇੱਕ ਵਪਾਰੀ ਦੇ ਘਰ ਹੋਇਆ। ਪੰਦਰਾਂ ਸਾਲ ਦੀ ਉਮਰ ਵਿੱਚ ਹੀ ਉਹ 'ਆਰਟ ਕਲਾਸਾਂ' ਵਿੱਚ ਹਿੱਸਾ ਲੈਣ ਲੱਗ ਪਿਆ ਸੀ। 1918 ਵਿੱਚ ਉਹ ਪੇਂਟਿੰਗ ਕਲਾਸਾਂ ਬਾਰੇ ਅਧਿਐਨ ਕਰਨ ਲਈ ਜੂਲੀਅਨ ਅਕੈਡਮੀ ਪੈਰਿਸ ਚਲਾ ਗਿਆ। ਛੇ ਮਹੀਨਿਆਂ ਬਾਅਦ ਉਸ ਨੇ ਖ਼ੁਦ ਪੇਂਟਿੰਗ ਕਰਨ ਦੇ ਵਿਚਾਰ ਨਾਲ ਇਹ ਅਕੈਡਮੀ ਛੱਡ ਦਿੱਤੀ।

 

 

      ਕਲਾ ਤੇ ਸਭਿਆਚਾਰ ਦੀਆਂ ਕੀਮਤਾਂ ਬਾਰੇ ਪੁੱਛ- ਪੜਤਾਲ ਕਰਨ ਪਿੱਛੋਂ ਉਸਨੇ 1923 ਵਿੱਚ ਪੇਂਟਿੰਗ ਕਰਨੀ ਛੱਡ ਦਿੱਤੀ ਅਤੇ 1930 ਵਿੱਚ ਪੈਰਿਸ ਵਿਖੇ ਆਪਣਾ ਪਿਤਾ- ਪੁਰਖੀ ਸ਼ਰਾਬ ਦਾ ਕਾਰੋਬਾਰ ਸ਼ੁਰੂ ਕਰ ਲਿਆ। ਪਰ ਪਿੱਛੋਂ ਫਿਰ ਪੇਂਟਿੰਗ ਕਰਨ ਦੇ ਵਿਚਾਰ ਨਾਲ ਉਹਨੇ ਇਹ ਕਿੱਤਾ ਛੱਡ ਦਿੱਤਾ। ਇੱਕ ਵਾਰ ਫੇਰ ਉਹ ਸ਼ਰਾਬ ਦੇ ਵਪਾਰ ਵੱਲ ਮੁੜਿਆ ਪਰ 1942 ਈ. ਤੋਂ ਪਿੱਛੋਂ ਉਹਨੇ ਆਪਣਾ ਸਾਰਾ ਧਿਆਨ ਨਿਰੋਲ ਪੇਂਟਿੰਗ ਵੱਲ ਹੀ ਲਾ ਦਿੱਤਾ।

 

 

     1944 ਈ. ਵਿੱਚ ਪੈਰਿਸ ਵਿਖੇ ਉਹਨੇ ਆਪਣੇ ਚਿੱਤਰਾਂ ਦੀ ਪਹਿਲੀ ਪ੍ਰਦਰਸ਼ਨੀ ਲਾਈ। ਸਿੱਧ- ਪੱਧਰੀ ਅਤੇ ਗੈਰ- ਪੇਸ਼ੇਵਰ ਕਲਾ ਦੀ ਸੰਕੇਤਕ ਪੇਸ਼ਕਾਰੀ ਨੇ ਉਹਨੂੰ ਬਹੁਤ ਉਤਸ਼ਾਹਿਤ ਕੀਤਾ। ਉਸਨੇ ਅਤਿ- ਸਧਾਰਨ ਵਿਸ਼ਿਆਂ, ਜਿਵੇਂ ਪੈਰਿਸ ਦੀਆਂ ਸੁਰੰਗਾਂ ਤੇ ਚੜ੍ਹਦੇ ਲੋਕ, ਗਾਂ ਦਾ ਦੁੱਧ ਚੋਅ ਰਹੀ ਲੜਕੀ, ਆਦਿ ਬਾਰੇ ਬਹੁਤ ਸਾਰੇ ਚਿੱਤਰ ਬਣਾਏ। ਆਪਣੇ ਚਿੱਤਰਾਂ ਵਿੱਚ ਉਸਨੇ "ਨੀਵੀਆਂ  ਅਤੇ ਬਦਨਾਮ ਕੀਮਤਾਂ ਨੂੰ ਰੋਸ਼ਨ ਕਰਨ" ਦੇ ਯਤਨ ਕੀਤੇ। ਇਹ ਮੁੱਢਲੀਆਂ ਪੇਂਟਿੰਗਾਂ ਬਣਤਰ ਵਿੱਚ ਉਤਸੁਕਤਾ, ਧਰਤੀ ਦੇ ਰੰਗਾਂ ਅਤੇ ਵਿਅੰਗਾਤਮਕ ਮਨੋਦਸ਼ਾ ਨੂੰ ਚਿੱਤਰਿਤ ਕਰਦੀਆਂ ਹਨ, ਜੋਕਿ ਡੂਬੂਫੇ ਦੀਆਂ ਸਾਰੀਆਂ ਕਲਾਕ੍ਰਿਤਾਂ ਦਾ ਇੱਕ ਵਿਸ਼ੇਸ਼ ਲੱਛਣ ਹੈ। 

 

 

     ਜਦੋਂ ਡੂਬੂਫੇ ਨੇ ਆਪਣੀ ਦੂਜੀ ਵੱਡੀ ਪ੍ਰਦਰਸ਼ਨੀ 1946 ਈ. ਵਿੱਚ ਪੈਰਿਸ ਵਿਖੇ ਆਯੋਜਿਤ ਕੀਤੀ, ਤਾਂ ਆਮ ਲੋਕਾਂ ਦਾ ਹੁੰਗਾਰਾ ਪ੍ਰਤੀਕੂਲ ਸੀ। ਇਨ੍ਹਾਂ ਪੇਂਟਿੰਗਾਂ ਵਿੱਚ ਖੰਡਰਾਂ ਤੇ ਉੱਕਰੇ ਚਿੱਤਰਾਂ ਜਾਂ ਪ੍ਰਾਚੀਨ ਕੰਧ- ਚਿੱਤਰਾਂ ਤੋਂ ਪ੍ਰਭਾਵਿਤ ਹੋ ਕੇ ਡੂਬੂਫੇ ਨੇ ਆਪਣੇ ਵਿਸ਼ਿਆਂ ਅਤੇ ਤਕਨੀਕ ਦੀ ਚੋਣ ਦੁਆਰਾ ਸਾਰੀਆਂ ਪਰੰਪਰਾਵਾਂ ਦੀਆਂ ਧੱਜੀਆਂ ਉਡਾ ਦਿੱਤੀਆਂ ਸਨ। ਸਿੱਧ- ਪੱਧਰੀ ਕਲਾ ਵਿੱਚ ਆਪਣੀ ਰੁਚੀ ਤੋਂ ਪ੍ਰੇਰਿਤ ਹੋ ਕੇ ਡੂਬੂਫੇ ਨੇ 1947 ਵਿੱਚ ਉੱਤਰੀ ਅਫਰੀਕਾ ਦਾ ਪਹਿਲਾ ਦੌਰਾ ਕੀਤਾ,ਪਿੱਛੋਂ ਦੋ ਵੇਰ1947 ਤੇ 1949 ਦੇ ਦੌਰਾਨ ਉਹ ਸਹਾਰਾ ਗਿਆ। ਇੱਥੇ ਉਸ ਨੇ ਕਲਾ- ਕ੍ਰਿਤੀਆਂ ਦੀ ਪੇਸ਼ਕਾਰੀ ਦੁਆਰਾ ਆਪਣੇ ਪ੍ਰਯੋਗਾਂ ਦੀ ਪ੍ਰਤੀਕਿਰਿਆ ਵੇਖੀ, ਜਿਸ ਵਿੱਚ 'ਲੈਂਡਸਕੇਪ' ਅਤੇ ਬਨਾਵਟ ਬਹੁਤ ਜ਼ਿਆਦਾ ਮਾਤਰਾ ਵਿੱਚ ਮਹੱਤਵਪੂਰਨ ਹੋ ਨਿਬੜੇ ਸਨ। 

 

 

      1950 ਵਿੱਚ ਡੂਬੂਫੇ ਨੇ 'ਫ਼ੀਮੇਲ ਨਿਊਡਜ਼' (ਮਾਦਾ ਨੰਗੇਜ) ਨੂੰ ਪ੍ਰਸਤੁਤ ਕਰਨ ਵਾਲੀਆਂ ਪੇਂਟਿੰਗਾਂ ਦੀ ਇਕ ਲੜੀ ਸ਼ੁਰੂ ਕੀਤੀ, ਜਿਸ ਨੂੰ ਉਸ ਨੇ Corps de Dames ਦਾ ਨਾਂ ਦਿੱਤਾ। ਉਸ ਦੀਆਂ ਅਜਿਹੀਆਂ ਨਿਰਾਕਾਰ, ਬੇਢੱਬੀਆਂ ਅਤੇ ਅਕਸਰ ਹਾਸਮਈ ਪੇਂਟਿੰਗਾਂ ਕਲਾਸਕੀ ਸੁਮੇਲਤਾ ਅਤੇ ਸੌੰਦਰਯ ਪ੍ਰਤੀ ਸਿੱਧਾ ਵਿਰੋਧ ਪ੍ਰਗਟ ਕਰਦੀਆਂ ਹਨ। ਉਸ ਨੇ ਵੱਡੀ ਪੱਧਰ ਤੇ ਸੌੰਦਰਯਾਤਮਕ ਰੂੜ੍ਹੀਆਂ ਪ੍ਰਤੀ ਆਪਣੀ ਅਸਵੀਕ੍ਰਿਤੀ ਜ਼ਾਹਿਰ ਕੀਤੀ, ਜੋਕਿ ਉਸ ਦੀਆਂ ਚਲੰਤ ਕਿਰਤਾਂ ਵਿੱਚ ਵਿਖਾਈ ਦਿੰਦੀ ਸੀ।

 

 

      ਆਪਣੀ ਪਤਨੀ ਦੀ ਵਿਗੜਦੀ ਸਿਹਤ ਕਾਰਨ ਡੂਬੂਫੇ 1955 ਈ. ਵਿੱਚ ਵੈੰਸ (ਦੱਖਣੀ ਫਰਾਂਸ) ਚਲਾ ਗਿਆ। ਹੁਣ ਉਹ ਨਵੀਂ ਕਿਸਮ ਦੀਆਂ ਲੈਂਡਸਕੇਪ ਪੇੰਟਿੰਗਾਂ ਬਣਾਉਣ ਵਿੱਚ ਰੁਝ ਗਿਆ। ਆਪਣੀ ਕਲਾ ਦੀ ਆਦਰਸ਼ਕ ਪਹੁੰਚ ਕਰਕੇ ਉਹਨੇ ਨਵੀਆਂ ਵਿਧੀਆਂ ਦੀ ਤਲਾਸ਼ ਕੀਤੀ, ਜਿਨ੍ਹਾਂ ਵਿੱਚ ਚਿੱਤਰਾਂ ਤੇ ਉੱਡਦੀ ਹੋਈ ਰੇਤ, ਤੰਗਲੀ ਨਾਲ ਇਹਨੂੰ ਝਰੀਟਣਾ ਅਤੇ ਤਿਤਲੀ ਦੇ ਖੰਭਾਂ ਨਾਲ ਤਸਵੀਰਾਂ ਬਣਾਉਣੀਆਂ ਸ਼ਾਮਲ ਹਨ। ਨਵੀਆਂ ਤਕਨੀਕਾਂ ਅਤੇ ਸਾਮੱਗਰੀ ਦੁਆਰਾ ਕਲਾ ਦੀ ਇੱਕ ਅਮੀਰ ਸ਼ੈਲੀ ਦਾ ਜਨਮ ਹੋਇਆ। ਖਾਲੀ ਕੈਨਵਸ ਵਾਲੀਆਂ ਇਹ ਤਸਵੀਰਾਂ ਬਿਨਾਂ ਕਿਸੇ ਚਿੱਤਰ ਤੋਂ ਹਨ। ਪਰ ਉਹਦੀ ਕਲਾ ਅਸਪਸ਼ਟ ਹੈ ਜਾਂ ਅਮੂਰਤ- ਇਹ ਹਮੇਸ਼ਾ ਕਿਸੇ ਚੀਜ਼ ਨੂੰ ਪ੍ਰਸਤੁਤ ਜ਼ਰੂਰ ਕਰਦੀ ਹੈ। ਉਸ ਨੇ ਗੂੜ੍ਹੇ ਰੰਗਾਂ ਦੀ ਥਪਾਈ ਕਰਕੇ ਪ੍ਰਕਿਰਤੀ ਅਤੇ ਮਾਨਵ ਦੀ ਇਕਮਿਕਤਾ ਨੂੰ ਉਭਾਰਨ ਦੀ ਕੋਸ਼ਿਸ਼ ਕੀਤੀ ਹੈ।

 

 

     1961 ਵਿੱਚ ਉਹਨੇ ਆਮ ਲੋਕਾਂ ਅਤੇ ਉਨ੍ਹਾਂ ਦੇ ਚੌਗਿਰਦੇ ਨੂੰ ਚਿਤਰਿਤ ਕਰਨਾ ਸ਼ੁਰੂ ਕੀਤਾ। ਇਨ੍ਹਾਂ ਚਿੱਤਰਾਂ ਦੇ ਰੰਗ ਅਤੇ ਵਿਸ਼ੇ ਸ਼ਹਿਰੀ ਜ਼ਿੰਦਗੀ ਨੂੰ ਰੇਖਾਂਕਿਤ ਕਰਦੇ ਹਨ,ਜੋ ਉਹਨੇ 1943- 44 ਦੌਰਾਨ ਪੇਂਟ ਕੀਤੀਆਂ ਸਨ। ਮੁੱਢਲੀ ਸ਼ੈਲੀ ਅਤੇ ਵਿਸ਼ੇ ਵੱਲ ਵਾਪਸੀ ਉਸ ਦੀ ਕਲਾ ਦੀ ਖਾਸੀਅਤ ਹੈ। ਇਹ ਉਸ ਦੀ ਕਲਾ ਦੇ ਸਮਰਪਣ ਵਿੱਚ ਬੁਨਿਆਦੀ  ਇਕਸੁਰਤਾ ਅਤੇ ਪਕਿਆਈ ਨੂੰ ਪੇਸ਼ ਕਰਦੀ ਹੈ ਅਤੇ ਆਪਣੇ ਉਦੇਸ਼ ਵਜੋਂ ਆਦਮੀ ਅਤੇ ਪ੍ਰਕਿਰਤੀ ਦੀਆਂ ਹੱਦ- ਬੰਦੀਆਂ ਨੂੰ ਨਿਰਧਾਰਤ ਕਰਦੀ ਹੈ।

 

 

      1962 ਈ. ਵਿੱਚ ਉਹਨੇ ਲ' ਟੂਕੇ (Le Touqet) ਵਿਖੇ ਆਪਣੀ ਸਭ ਤੋਂ ਲੰਬੀ ਸੀਰੀਜ਼ 'ਲ ਹਾਰਲੂਪ'(L' Hourloupe) ਦੀ ਸ਼ੁਰੂਆਤ ਕੀਤੀ। ਇਹ ਉਹਦਾ ਆਪਣਾ ਘੜਿਆ ਹੋਇਆ ਸਬਦ ਸੀ, ਜਿਸ ਦੀਆਂ ਪੇਂਟਿੰਗਾਂ ਵਿੱਚ ਮੁੱਢਲੀਆਂ ਪੇੰਟਿੰਗਾਂ ਦੇ ਉਲਟ ਸਜਾਵਟੀ ਵਿਸ਼ੇਸ਼ਤਾ ਹੈ। ਉਹਨੇ ਰੋਜ਼ਾਨਾ ਦੇ ਵਿਸ਼ਿਆਂ, ਖ਼ਾਸ ਕਰਕੇ ਨਿਰਜੀਵ ਚੀਜ਼ਾਂ- ਟਾਈਪ ਰਾਈਟਰ, ਕੈਂਚੀ, ਕਲਾਕ ਆਦਿ ਬਾਰੇ, ਚਿੱਤਰਕਾਰੀ ਵੀ ਜਾਰੀ ਰੱਖੀ। ਆਪਣੀ ਸ਼ੈਲੀਗਤ ਵਿਲੱਖਣਤਾ ਦੇ ਬਾਵਜੂਦ ਇਹ ਕਿਰਤਾਂ ਆਪਣੇ ਮਿਜ਼ਾਜ ਅਤੇ ਨਿਰਛਲਤਾ ਕਾਰਨ ਡੂਬੂਫੇ ਦੀ ਸਮੁੱਚੀ ਪੇਸ਼ਕਾਰੀ ਨੂੰ ਇਕਸੁਰਤਾ ਪ੍ਰਦਾਨ ਕਰਦੀਆਂ ਹਨ। 

 

 

      83 ਵਰ੍ਹਿਆਂ ਦੀ ਉਮਰੇ ਫਰਾਂਸ ਦਾ ਇਹ ਵਿਵਾਦਗ੍ਰਸਤ ਚਿੱਤਰਕਾਰ ਦਿਲ ਦੀ ਧੜਕਣ ਬੰਦ ਹੋਣ ਕਰਕੇ ਪੈਰਿਸ ਵਿਖੇ ਚਲਾਣਾ ਕਰ ਗਿਆ। ਉਹ ਚਾਰ ਦਹਾਕਿਆਂ ਤੋਂ ਵੀ ਵੱਧ ਕਲਾ- ਖੇਤਰ ਵਿੱਚ ਚਰਚਿਤ ਰਿਹਾ। ਕਾਨੂੰਨੀ ਸੰਸਥਾਵਾਂ ਅਤੇ ਰੂੜ੍ਹੀਵਾਦੀ ਕਲਾ ਪ੍ਰਤੀ ਵਿਦਰੋਹ ਕਰਨ ਵਾਲਾ ਨਵ- ਪ੍ਰਯੋਗਵਾਦੀ ਚਿੱਤਰਕਾਰ ਡੂਬੂਫੇ 12 ਮਈ 1985 ਨੂੰ ਅੱਖਾਂ ਮੀਟ ਗਿਆ ਸੀ। ਕਲਾ ਅਤੇ ਕਲਾਜਗਤ ਨਾਲ ਪਿਆਰ ਕਰਨ ਵਾਲੇ ਸੰਵੇਦਨਸ਼ੀਲ ਲੋਕ ਇਸ ਮਹਾਨ ਚਿੱਤਰਕਾਰ ਨੂੰ ਹਮੇਸ਼ਾ ਯਾਦ ਰੱਖਣਗੇ!

==============

 

- ਪ੍ਰੋ . ਨਵ ਸੰਗੀਤ ਸਿੰਘ


 

ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ,ਅਕਾਲ ਯੂਨੀਵਰਸਿਟੀ,
ਤਲਵੰਡੀ ਸਾਬੋ - 151302(ਬਠਿੰਡਾ), 9417692015

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Neo Experimentalist French Painter Jean Dubuffet