ਸੰਵਿਧਾਨ ਵਿੱਚ ਸੋਧ ਕਰਕੇ ਸੰਸਦ ਦੁਆਰਾ ਦੇਸ਼ ਦਾ ਨਵਾਂ ਨਕਸ਼ਾ ਪਾਸ ਕਰਾਉਣ ਦੀ ਨੇਪਾਲ ਦੇ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਦੀ ਇੱਛਾ ਪੂਰੀ ਨਹੀਂ ਹੋ ਪਾਈ ਹੈ। ਨੇਪਾਲ ਦੀ ਸੱਤਾਧਾਰੀ ਕਮਿਊਨਿਸਟ ਪਾਰਟੀ ਭਾਰਤ ਦੇ ਕੁਝ ਖੇਤਰਾਂ ਕਾਲਾਪਾਨੀ, ਲਿੰਪੀਆਧੁਰਾ ਅਤੇ ਲਿਪੁਲੇਖ ਨੂੰ ਨੇਪਾਲ ਦੇ ਨਵੇਂ ਰਾਜਨੀਤਿਕ ਨਕਸ਼ੇ ਚ ਸ਼ਾਮਲ ਕਰਕੇ ਉਸ ਨੂੰ ਸੰਸਦ ਤੋਂ ਪਾਸ ਕਰਵਾਉਣ ਦੀ ਕੋਸ਼ਿਸ਼ ਕਰ ਰਹੀ ਸੀ, ਜਿਸ ਲਈ ਉਸਨੇ ਬੁੱਧਵਾਰ ਨੂੰ ਸੰਸਦ ਵਿਚ ਪ੍ਰਸਤਾਵ ਦੇਣ ਦੀ ਤਿਆਰੀ ਕੀਤੀ ਸੀ ਤੇ ਇਸ ਲਈ ਵਿਚਾਰ ਵਟਾਂਦਰੇ ਵੀ ਤੈਅ ਕੀਤੇ ਸਨ ਪਰ ਪਰ ਆਖਰੀ ਸਮੇਂ 'ਤੇ ਇਸ ਨੂੰ ਕਾਰਜਕ੍ਰਮ ਤੋਂ ਬਾਹਰ ਕਰ ਦਿੱਤਾ ਗਿਆ।
ਰਿਪੋਰਟਾਂ ਅਨੁਸਾਰ ਸਰਕਾਰ ਫਿਲਹਾਲ ਇਸ ਮਾਮਲੇ ਵਿੱਚ ਵਿਰੋਧੀ ਪਾਰਟੀਆਂ ਨਾਲ ਤਾਲਮੇਲ ਬਣਾਈ ਨਹੀਂ ਰੱਖ ਸਕੀ ਹੈ ਤੇ ਦੇਸ਼ ਦੀਆਂ ਹੋਰ ਰਾਜਨੀਤਿਕ ਪਾਰਟੀਆਂ ਨੇ ਇਸ ਮੁੱਦੇ ‘ਤੇ ਰਾਸ਼ਟਰੀ ਸਹਿਮਤੀ ਬਣਾਉਣ ਦਾ ਫੈਸਲਾ ਕੀਤਾ ਹੈ। ਨੇਪਾਲੀ ਪ੍ਰਧਾਨ ਮੰਤਰੀ ਓਲੀ ਨੇ ਨਵੇਂ ਨਕਸ਼ੇ ਦੇ ਮੁੱਦੇ 'ਤੇ ਰਾਸ਼ਟਰੀ ਸਹਿਮਤੀ ਬਣਾਉਣ ਲਈ ਮੰਗਲਵਾਰ ਨੂੰ ਇਕ ਸਰਬ ਪਾਰਟੀ ਬੈਠਕ ਬੁਲਾਈ ਸੀ ਪਰ ਰਾਜਨੀਤਿਕ ਪਾਰਟੀਆਂ ਇਸ ਮੁੱਦੇ' ਤੇ ਕੋਈ ਰਾਏ ਨਹੀਂ ਬਣਾ ਸਕੀਆਂ।
ਭਾਰਤ ਨਾਲ ਸਰਹੱਦੀ ਵਿਵਾਦ ਉਦੋਂ ਸ਼ੁਰੂ ਹੋਇਆ ਜਦੋਂ ਭਾਰਤ ਨੇ ਉਤਰਾਖੰਡ ਸਰਹੱਦ ‘ਤੇ ਆਪਣੇ ਖੇਤਰ ਚ ਧਾਰਚੁਲਾ ਤੋਂ ਲਿਪੂਲੇਖ ਤੱਕ 80 ਕਿਲੋਮੀਟਰ ਨਵੀਂ ਸੜਕ ਬਣਾਈ, ਜਿਸ ਤੋਂ ਬਾਅਦ ਨੇਪਾਲ ਦੀ ਸੱਤਾਧਾਰੀ ਕਮਿਊਨਿਸਟ ਪਾਰਟੀ ਦੇ ਅੰਦਰ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਪ੍ਰਧਾਨ ਮੰਤਰੀ ਓਲੀ ਨੇ ਇਸ ਨੂੰ ਲੈ ਕੇ ਕਾਠਮੰਡੂ ਚ ਹੋ ਰਹੇ ਜ਼ੋਰਦਾਰ ਵਿਰੋਧ ਪ੍ਰਦਰਸ਼ਨਾਂ ਨੂੰ ਇੱਕ ਮੌਕੇ ਵਜੋਂ ਵੇਖਿਆ ਤੇ ਇਸ ਦਾ ਲਾਹਾ ਲੈਣ ਲਈ ਇੱਕ ਨਵਾਂ ਨਕਸ਼ਾ ਬਣਾਉਣ ਦਾ ਐਲਾਨ ਕਰ ਦਿੱਤਾ।
ਨੇਪਾਲੀ ਪੀਐਮ ਓਲੀ ਨੇ ਜਨਤਕ ਭਾਵਨਾਵਾਂ ਦੇ ਮੱਦੇਨਜ਼ਰ ਪਾਰਟੀ ਵਿਚ ਆਪਣੀ ਸਥਿਤੀ ਮਜ਼ਬੂਤ ਕਰਨ ਦੇ ਇਰਾਦੇ ਨਾਲ ਕੁਝ ਹਫ਼ਤੇ ਬਾਅਦ ਹੀ ਲਿਪੂਲਖ ਅਤੇ ਕਾਲਾਪਾਨੀ ਨੂੰ ਨੇਪਾਲੀ ਖੇਤਰ ਦਾ ਹਿੱਸਾ ਦਿਖਾਉਂਦਿਆਂ ਇਕ ਨਵਾਂ ਰਾਜਨੀਤਿਕ ਨਕਸ਼ਾ ਬਣਾਉਣ ਦਾ ਐਲਾਨ ਕਰ ਦਿੱਤਾ।