ਨੇਪਾਲ ਦੇ ਪਰਬਤਾਰੋਹੀ ਕਾਮੀ ਰੀਤਾ ਸ਼ੇਰਪਾ ਨੇ ਬੁੱਧਵਾਰ ਨੂੰ 23ਵੀਂ ਵਾਰ ਮਾਊਂਟ ਐਵਰੈਸਟ ਨੂੰ ਸਫ਼ਲਤਾਪੂਰਬਕ ਸਰ ਕੀਤਾ। ਅਜਿਹਾ ਕਰ ਕੇ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਸਭ ਤੋਂ ਵੱਧ ਚੜ੍ਹ ਕੇ ਉਨ੍ਹਾਂ ਇੱਕ ਨਵਾਂ ਵਿਸ਼ਵ ਰਿਕਾਰਡ ਬਣਾਇਆ ਹੈ।
‘ਹਿਮਾਲਿਅਨ ਟਾਈਮਜ਼’ ਨੇ ਸੈਵਨ ਸਮਿਟ ਟ੍ਰੈਕਸ ਦੇ ਕੰਪਨੀ ਮੁਖੀ ਮਿੰਗਮਾ ਸ਼ੇਰਪਾ ਦੇ ਹਵਾਲੇ ਨਾਲ ਦੱਸਿਆ ਕਿ ਕਾਮੀ ਰੀਤਾ ਸ਼ੇਰਪਾ ਨੇ ਨੇਪਾਲ ਵੱਲੋਂ ਸਵੇਰੇ ਲਗਭਗ 7:50 ਵਜੇ ਸਫ਼ਲਤਾਪੂਰਬਕ ਐਵਰੈਸਟ ਦੀ ਟੀਸੀ ਉੱਤੇ ਸਰ ਕਰ ਕੇ ਆਪਣੇ ਹੀ ਵਿਸ਼ਵ ਰਿਕਾਰਡ ਨੂੰ ਤੋੜਿਆ ਹੈ।
ਸ਼ੇਰਪਾ ਸੋਲੁਖੁੰਬੂ ਜ਼ਿਲ੍ਹੇ ਦੇ ਪਿੰਡ ਥਮੇ ਦੇ ਰਹਿਣ ਵਾਲੇ ਹਨ। ਕਾਮੀ ਰੀਤਾ ਨੇ 16 ਮਈ, 2018 ਨੂੰ ਐਵਰੈਸਟ ਦੀ ਟੀਸੀ ਉੱਤੇ 22ਵੀਂ ਵਾਰ ਪੁੱਜ ਕੇ ਇਤਿਹਾਸ ਰਚਿਆ ਸੀ। ਸਾਲ 2017 ਦੌਰਾਨ ਕਾਮੀ ਰੀਤਾ 21 ਵਾਰ ਮਾਊਂਟ ਐਵਰੈਸਟ ਉੱਤੇ ਚੜ੍ਹਨ ਵਾਲੇ ਤੀਜੇ ਵਿਅਕਤੀ ਬਣ ਗਏ ਸਨ। ਇਸ ਤੋਂ ਇਲਾਵਾ ਸੇਵਾ–ਮੁਕਤ ਹੋਣ ਤੋਂ ਪਹਿਲਾਂ ਅਪਾ ਸ਼ੇਰਪਾ ਤੇ ਫੁਰਬਾ ਤਾਸ਼ੀ ਸ਼ੇਰਪਾ ਨੇ ਇਹ ਪ੍ਰਾਪਤੀ ਕੀਤੀ ਸੀ।
ਬੇਸ ਕੈਂਪ ਦੇ ਅਧਿਕਾਰੀਆਂ ਮੁਤਾਬਕ ਵਿਸ਼ਵ ਰਿਕਾਰਡ ਬਣਾਉਣ ਵਾਲੇ ਪਰਬਤਾਰੋਹੀ ਕਾਮੀ ਰੀਤਾ ਨੇ ਮੰਗਲਵਾਰ ਰਾਤੀਂ ਕੈਂਪ ਚਾਰ ਤੋਂ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ। ਬੁੱਧਵਾਰ ਸਵੇਰੇ ਉਹ ਸਰਬਉੱਚ ਟੀਸੀ ਉੱਤੇ ਕਾਮਯਾਬੀ ਨਾਲ ਪੁੱਜਣ ਵਿੱਚ ਉਹ ਇੱਕ ਵਾਰ ਫਿਰ ਸਫ਼ਲ ਰਹੇ। ਉਹ ਬੁੱਧਵਾਰ ਦੀ ਸਵੇਰ ਹੋਰ ਸ਼ੇਰਪਿਆਂ ਦੇ ਨਾਲ 8,850 ਮੀਟਰ ਉੱਚੀ ਟੀਸੀ ਉੱਤੇ ਪੁੱਜੇ ਸਨ।