ਤ੍ਰਿਨੀਦਾਦ ਦੇ ਜੰਮਪਲ਼ ਨੋਬਲ ਪੁਰਸਕਾਰ ਜੇਤੂ ਲੇਖਕ ਵੀ.ਐੱਸ. ਨਾਇਪੌਲ ਦਾ ਸਨਿੱਚਰਵਾਰ ਨੂੰ ਲੰਦਨ `ਚ ਦੇਹਾਂਤ ਹੋ ਗਿਆ। ਉਹ 85 ਵਰ੍ਹਿਆਂ ਦੇ ਸਨ। ਉਹ ਦੁਨੀਆ ਦੇ ਸਭ ਤੋਂ ਵੱਧ ਸਲਾਹੇ ਜਾਣ ਵਾਲੇ ਪਰ ਵਿਵਾਦਗ੍ਰਸਤ ਲੇਖਕਾਂ `ਚੋਂ ਇੱਕ ਸਨ। ‘ਏ ਬੈਂਡ ਇਨ ਦਿ ਰਿਵਰ` ਅਤੇ ‘ਏ ਹਾਊਸ ਫ਼ਾਰ ਮਿਸਟਰ ਬਿਸਵਾਸ` ਉਨ੍ਹਾਂ ਦੇ ਨਾਵਲ ਬਹੁਤ ਚਰਚਿਤ ਰਹੇ ਹਨ।
ਉਨ੍ਹਾਂ ਨੂੰ 2001 `ਚ ਨੋਬਲ ਸਾਹਿਤ ਪੁਰਸਕਾਰ ਮਿਲਿਆ ਸੀ। ਉਨ੍ਹਾਂ ਦੀਆਂ ਸਾਹਿਤਕ ਕ੍ਰਿਤਾਂ `ਚੋਂ ਤ੍ਰਿਨੀਦਾਦ ਤੋਂ ਲੰਦਨ ਤੱਕ ਦੀ ਯਾਤਰਾ ਸਹਿਜੇ ਹੀ ਵੇਖੀ ਤੇ ਪਰਖੀ ਜਾ ਸਕਦੀ ਹੈ।
ਨਾਇਪੌਲ ਦਾ ਕਰੀਅਰ ਅੱਧੀ ਸਦੀ ਤੱਕ ਫੈਲਿਆ ਹੋਇਆ ਹੈ। ਤ੍ਰਿਨੀਦਾਦ `ਚ ਉਨ੍ਹਾਂ ਦਾ ਬਚਪਨ ਲਗਭਗ ਨੰਗੇ ਪੈਰੀਂ ਬੀਤਿਆ ਸੀ ਤੇ ਫਿਰ ਉਹ ਕਿਵੇਂ ਇੰਗਲੈਂਡ ਦੇ ਉੱਚ ਵਰਗ `ਚ ਜਾ ਕੇ ਸ਼ਾਮਲ ਹੋ ਗਏ ਤੇ 20ਵੀਂ ਸਦੀ ਦੇ ਮਹਾਨ ਲੇਖਕਾਂ `ਚ ਉਨ੍ਹਾਂ ਦਾ ਨਾਂਅ ਸ਼ੁਮਾਰ ਹੁੰਦਾ ਹੈ। ਉਨ੍ਹਾਂ ਦੀਆਂ ਪੁਸਤਕਾਂ ‘ਏ ਬੈਂਡ ਇਨ ਦਿ ਰਿਵਰ` ਤੋਂ ਲੈ ਕੇ ‘ਦਿ ਐਨਿਗਮਾ ਆਫ਼ ਅਰਾਇਵਲ ਟੂ ਫ਼ਾਈਂਡਿੰਗ ਦਿ ਸੈਂਟਰ` ਤੱਕ ਉਨ੍ਹਾਂ ਦੀਆਂ ਸਾਹਿਤਕ ਕ੍ਰਿਤਾਂ ਵਿੱਚੋਂ ਬਸਤੀਵਾਦ ਤੇ ਬਸਤੀਵਾਦ ਦੇ ਖ਼ਾਤਮੇ, ਜਲਾਵਤਨੀ ਤੇ ਵਿਕਾਸਸ਼ੀਲ ਵਿਸ਼ਵ ਦੇ ਆਮ ਆਦਮੀ ਦੇ ਸੰਘਰਸ਼ਾਂ ਦੀ ਕਹਾਣੀ ਦਾ ਬਿਆਨ ਮਿਲਦਾ ਹੈ।
ਸ੍ਰੀ ਵਿਦਿਆਧਰ ਸੂਰਜਪ੍ਰਸਾਦ ਨਾਇਪੌਲ ਵਿਡੀਆ ਦਾ ਜਨਮ ਭਾਵੇਂ ਤ੍ਰਿਨੀਦਾਦ ਦੇਸ਼ `ਚ ਹੋਇਆ ਸੀ ਪਰ ਉਨ੍ਹਾਂ ਦੇ ਪੁਰਖੇ ਭਾਰਤੀ ਮੂਲ ਦੇ ਹੀ ਸਨ, ਜੋ ਸਮੁੰਦਰੀ ਜਹਾਜ਼ਾਂ ਰਾਹੀਂ ਬੰਧੂਆ ਮਜ਼ਦੂਰਾਂ ਵਜੋਂ ਵੈਸਟ ਇੰਡੀਜ਼ ਪੁੱਜੇ ਸਨ।