ਪਾਕਿਸਤਾਨ ਹੁਣ ਕਦੇ ਵੀ ਕਿਸੇ ਭਾਰਤੀ ਪਾਇਲਟ ਨੂੰ ਗ੍ਰਿਫ਼ਤਾਰ ਨਹੀਂ ਕਰ ਸਕਦਾ। ਇਹ ਜਾਣਕਾਰੀ ਅੱਜ ਭਾਰਤੀ ਹਵਾਈ ਫ਼ੌਜ (IAF) ਦੇ ਮੁਖੀ ਰਾਕੇਸ਼ ਕੁਮਾਰ ਸਿੰਘ ਭਦੌਰੀਆ ਨੇ ਦਿੱਤੀ। ਉਨ੍ਹਾਂ ਕਿਹਾ ਕਿ ਹੁਦ ਪਾਕਿਸਤਾਨ ਭਾਰਤੀ ਪਾਇਲਟਾਂ ਦੇ ਰੇਡੀਓ ਕਮਿਊਨੀਕੇਸ਼ਨ ਨੂੰ ਜਾਮ ਨਹੀਂ ਕਰ ਸਕਦੇਗਾ।
ਬਾਲਾਕੋਟ ਹਵਾਈ ਹਮਲੇ ਤੋਂ ਬਾਅਦ ਇਸੇ ਵਰ੍ਹੇ 27 ਫ਼ਰਵਰੀ ਨੂੰ ਮਿਗ–21 ਨੂੰ ਮਿੱਗ–21 ਨਾਲ ਪਾਕਿਸਤਾਨੀ ਹਵਾਈ ਫ਼ੌਜ ਦੇ ਐੱਫ਼–16 ਜੰਗੀ ਜਹਾਜ਼ ਨੂੰ ਭਾਰਤੀ ਵਿੰਗ ਕਮਕਾਂਡਰ ਅਭਿਨੰਦਨ ਨੇ ਢੇਰ ਕਰ ਦਿੱਤਾ ਸੀ। ਇਸ ਦੌਰਾਨ ਉਹ ਪਾਕਿਸਤਾਨ ਦੀ ਸਰਹੱਦ ਵਿੱਚ ਜਾ ਡਿੱਗੇ ਸਨ।
ਦਰਅਸਲ, ਉਸੇ ਵੇਲੇ ਪਾਕਿਸਤਾਨ ਨੇ ਜੰਗੀ ਹਵਾਈ ਜਹਾਜ਼ ਦੇ ਕਮਿਊਨੀਕੇਸ਼ਨ ਸਿਸਟਮ ਨੂੰ ਜਾਮ ਕਰ ਦਿੱਤਾ ਸੀ। ਜੇ ਇੰਝ ਨਾ ਹੁੰਦਾ, ਤਾਂ ਅਭਿਨੰਦਨ ਕਦੇ ਵੀ ਪਾਕਿਸਤਾਨ ਦੀ ਪਕੜ ਵਿੱਚ ਨਾ ਆਉਂਦੇ।
ਜਦੋਂ ਅਭਿਨੰਦਨ ਨੇ ਪਾਕਿਸਤਾਨੀ ਜਹਾਜ਼ ਐੱਫ਼–16 ਨੂੰ ਢੇਰ ਕਰ ਦਿੱਤਾ ਸੀ; ਉਸੇ ਵੇਲੇ ਉਨ੍ਹਾਂ ਨੂੰ ਵਾਰ–ਰੂਮ ਵੱਲੋਂ ਵਾਪਸ ਪਰਤ ਆਉਣ ਦੇ ਹੁਕਮ ਦੇ ਦਿੱਤੇ ਗਏ ਸਨ ਪਰ ਉਹ ਉਸ ਹਦਾਇਤ ਨੂੰ ਸੁਣ ਨਹੀਂ ਸਕੇ ਸਨ ਕਿਉਂਕਿ ਉਨ੍ਹਾਂ ਦਾ ਕਮਿਊਨੀਕੇਸ਼ਨ ਪਾਕਿਸਤਾਨ ਵੱਲੋਂ ਬਲਾੱਕ ਕਰ ਦਿੱਤਾ ਗਿਆ ਸੀ। ਇਸੇ ਲਈ ਉਹ ਮਕਬੂਜ਼ਾ ਕਸ਼ਮੀਰ ਵਿੱਚ ਜਾ ਡਿੱਗੇ ਤੇ ਪਾਕਿਸਤਾਨੀ ਫ਼ੌਜ ਨੇ ਉਨ੍ਹਾਂ ਨੂੰ ਫੜ ਲਿਆ।
ਭਾਰਤੀ ਹਵਾਈ ਫ਼ੌਜ ਦੇ ਮੁਖੀ ਨੇ ਕਿਹਾ ਕਿ ਹੁਣ ਇਹ ਯਕੀਨੀ ਬਣਾਇਆ ਗਿਆ ਹੈ ਕਿ ਪਾਇਲਟ ਨਾਲ ਹੋਣ ਵਾਲਾ ਰੇਡੀਓ ਕਮਿਊਨੀਕੇਸ਼ਨ ਪੂਰੀ ਤਰ੍ਹਾਂ ਸੁਰੱਖਿਅਤ ਰਹੇ।
ਭਾਰਤੀ ਹਵਾਈ ਫ਼ੌਜ ਨੇ ਹੁਣ ਇੱਕ ਅਜਿਹਾ ਸਿਸਟਮ ਬਣਾਇਆ ਹੈ ਕਿ ਪਾਕਿਸਤਾਨ ਹੁਣ ਕਦੇ ਵੀ ਆਉਣ ਵਾਲੇ ਸਮੇਂ ਦੌਰਾਨ ਭਾਰਤੀ ਪਾਇਲਟਾਂ ਤੇ ਕੰਟਰੋਲ ਰੂਮ ਵਿਚਾਲੇ ਹੋ ਰਹੀ ਗੱਲਬਾਤ ਨੂੰ ਸੁਣ ਨਹੀਂ ਸਕੇਗਾ ਅਤੇ ਨਾ ਹੀ ਜਾਮ ਕਰ ਸਕੇਗਾ।