ਪਾਕਿਸਤਾਨ ਵਿੱਚ ਇਸ ਗੱਲ ਦੀ ਚਰਚਾ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਸ਼ਾਹਿਦ ਖਾਕਾਨ ਅੱਬਾਸੀ ਨਾਲ ਰਾਸ਼ਟਰੀ ਜਵਾਬਦੇਹੀ ਬਿਊਰੋ (ਐਨ.ਏ.ਬੀ.) ਨੇ ਹਿਰਾਸਤ ਦੌਰਾਨ ਬਦਸਲੂਕੀ ਕੀਤੀ ਅਤੇ ਇਥੋਂ ਤੱਕ ਕਿ ਇੱਕ ਅਧਿਕਾਰੀ ਨੇ ਉਨ੍ਹਾਂ ਉੱਤੇ ਗਲਾਸ ਚਲਾ ਕੇ ਮਾਰਿਆ। ਐਨਏਬੀ ਨੇ ਇਨ੍ਹਾਂ ਚਰਚਾਵਾਂ ਨੂੰ ਗ਼ਲਤ ਦੱਸਿਆ ਹੈ।
ਪਾਕਿਸਤਾਨੀ ਮੀਡੀਆ ਵਿੱਚ ਛੱਪੀਆਂ ਖ਼ਬਰਾਂ ਅਨੁਸਾਰ ਨੈਬ ਸੂਤਰਾਂ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਜਾਂਚ ਟੀਮ ਦੇ ਇੱਕ ਅਧਿਕਾਰੀ ਨੇ ਪਹਿਲਾਂ ਅੱਬਾਸੀ 'ਤੇ ਰੌਲਾ ਪਾਇਆ ਅਤੇ ਫਿਰ ਉਸ ਨਾਲ ਧੱਕਾ ਮੁੱਕੀ ਕੀਤੀ। ਸੂਤਰਾਂ ਨੇ ਦੱਸਿਆ ਕਿ ਇਹ ਘਟਨਾ ਨੈਬ ਦੇ ਰਾਵਲਪਿੰਡੀ ਦਫ਼ਤਰ ਵਿੱਚ ਵਾਪਰੀ।
ਸੂਤਰਾਂ ਨੇ ਦੱਸਿਆ ਕਿ ਜਿਸ ਨੈਬ ਅਧਿਕਾਰੀ ਦੀ ਗੱਲ ਕੀਤੀ ਜਾ ਰਹੀ ਹੈ, ਨੂੰ ਜਾਂਚ ਟੀਮ ਵਿੱਚ ਪੈਟਰੋਲੀਅਮ ਮਾਹਰ ਨਿਯੁਕਤ ਕੀਤਾ ਗਿਆ ਹੈ। ਉਹ ਕੁਦਰਤੀ ਗੈਸ (ਐਲਐਨਜੀ) ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਅੱਬਾਸੀ ਖ਼ਿਲਾਫ਼ ਸਬੂਤ ਇਕੱਠੇ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ।
ਸੂਤਰਾਂ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਇਹ ਅਧਿਕਾਰੀ ਅੱਬਾਸੀ ਦੇ ਜਵਾਬਾਂ 'ਤੇ ਗੁੱਸੇ ਵਿੱਚ ਸੀ ਅਤੇ ਕਿਹਾ ਜਾਂਦਾ ਹੈ ਕਿ ਉਸ ਨੇ ਉਨ੍ਹਾਂ ਨਾਲ ਧੱਕਾ ਮੁੱਕੀ ਕੀਤੀ ਅਤੇ ਅੱਬਾਸੀ 'ਤੇ ਇਕ ਗਲਾਸ ਚਲਾ ਕੇ ਮਾਰਿਆ।
ਹੋਰ ਅਧਿਕਾਰੀਆਂ ਨੇ ਸਥਿਤੀ ਨੂੰ ਕਾਬੂ ਕਰਨ ਲਈ ਦਖਲ ਦਿੱਤਾ। ਸੂਤਰ ਨੇ ਦੱਸਿਆ ਕਿ ਅਧਿਕਾਰੀ ਨੇ ਕੇਸ ਦੀ ਰਿਪੋਰਟ ਰਾਵਲਪਿੰਡੀ ਨੈਬ ਦੇ ਡਾਇਰੈਕਟਰ ਜਨਰਲ ਇਰਫਾਮ ਨਈਮ ਮੰਗੀ ਨੂੰ ਸੌਂਪ ਦਿੱਤੀ ਹੈ। ਇਸ ਦੇ ਉਲਟ, ਇਹ ਕਿਹਾ ਗਿਆ ਹੈ ਕਿ ਇਹ ਅੱਬਾਸੀ ਹੀ ਸੀ ਜਿਸ ਨੇ 'ਵਿਰੋਧ' ਦਿਖਾਇਆ।