ਚੀਨ ਦੇ ਵੁਹਾਨ ਸ਼ਹਿਰ 'ਚ ਅਧਿਕਾਰੀਆਂ ਨੇ ਸਥਾਨਕ ਲੋਕਾਂ ਦੇ ਯਾਤਰਾ ਕਰਨ 'ਤੇ ਪਾਬੰਦੀ ਲਗਾ ਦਿੱਤੀ ਹੈ। ਇਹ ਫੈਸਲਾ ਤੇਜ਼ੀ ਨਾਲ ਫੈਲ ਰਹੇ ਖਤਰਨਾਕ ਕੋਰੋਨਾਵਾਇਰਸ ਨੂੰ ਰੋਕਣ ਲਈ ਲਿਆ ਗਿਆ ਹੈ।
ਜ਼ਿਕਰਯੋਗ ਹੈ ਕਿ ਵੁਹਾਨ ਸ਼ਹਿਰ ਤੋਂ ਹੀ ਕੋਰੋਨਾਵਾਇਰਸ ਫੈਲਣਾ ਸ਼ੁਰੂ ਹੋਇਆ ਸੀ। ਵੀਰਵਾਰ ਸਵੇਰੇ 10 ਵਜੇ ਤੋਂ ਸ਼ੁਰੂ ਹੋਈ ਇਸ ਯਾਤਰਾ ਪਾਬੰਦੀ ਤਹਿਤ ਸ਼ਹਿਰੀ ਬੱਸਾਂ, ਸਬਵੇਅ ਅਤੇ ਲੰਬੀ ਦੂਰੀ ਦੀ ਆਵਾਜਾਈ ਰੋਕ ਦਿੱਤੀ ਗਈ ਹੈ। ਇਸ ਤੋਂ ਇਲਾਵਾ ਵੁਹਾਨ ਤੋਂ ਜਾਣ ਵਾਲੀਆਂ ਉਡਾਨਾਂ ਅਤੇ ਰੇਲ ਗੱਡੀਆਂ ਵੀ ਰੱਦ ਕਰ ਦਿੱਤੀਆਂ ਗਈਆਂ ਹਨ। ਹੁਣ ਤੱਕ ਚੀਨ ਤੋਂ ਇਲਾਵਾ ਅਮਰੀਕਾ, ਦੱਖਣੀ ਕੋਰੀਆ, ਜਾਪਾਨ ਅਤੇ ਥਾਈਲੈਂਡ 'ਚ ਇਸ ਵਾਇਰਸ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ। ਚੀਨ 'ਚ ਇਸ ਖਤਰਨਾਕ ਵਾਇਰਸ ਦੀ ਲਪੇਟ 'ਚ ਆਉਣ ਕਾਰਨ ਘੱਟੋ-ਘੱਟ 17 ਲੋਕਾਂ ਦੀ ਮੌਤ ਹੋ ਚੁੱਕੀ ਹੈ। ਪੂਰੇ ਚੀਨ 'ਚ 550 ਤੋਂ ਵੱਧ ਲੋਕ ਇਸ ਦੀ ਲਪੇਟ 'ਚ ਆਏ ਹਨ।
ਇਸ ਦੇ ਨਾਲ ਹੀ ਸ਼ਹਿਰ ਦੇ ਨਗਰ ਨਿਗਮ ਨੇ ਇੱਕ ਨੋਟਿਸ ਜਾਰੀ ਕੀਤਾ ਹੈ ਕਿ ਜਨਤਕ ਥਾਵਾਂ 'ਤੇ ਸਾਰਿਆਂ ਨੂੰ ਮਾਸਕ ਪਹਿਨਣਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਅਮਰੀਕਾ ਨੇ ਦੇਸ਼ 'ਚ ਕੋਰੋਨਾਵਾਇਰਸ ਦਾ ਪਹਿਲਾ ਕੇਸ ਮਿਲਣ ਦੀ ਘੋਸ਼ਣਾ ਕੀਤੀ ਸੀ। ਇਹ ਵਾਇਰਸ ਮਨੁੱਖ ਤੋਂ ਮਨੁੱਖ ਤੋਂ 'ਚ ਫੈਲ ਸਕਦਾ ਹੈ। ਇਸ ਤੋਂ ਪਹਿਲਾਂ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਨਮੂਨੀਆ ਦਾ ਕਾਰਨ ਬਣਨ ਵਾਲੇ ਕੋਰੋਨਾਵਾਇਰਸ ਦੇ ਫੈਲਣ ਨੂੰ ਰੋਕਣ ਲਈ ਸਖ਼ਤ ਕਦਮ ਚੁੱਕਣ ਦੇ ਆਦੇਸ਼ ਦਿੱਤੇ ਸਨ।
ਇਹ ਹਨ ਵਾਇਰਸ ਦੇ ਲੱਛਣ :
ਵਿਸ਼ਵ ਸਿਹਤ ਸੰਗਠਨ ਮੁਤਾਬਕ ਕੋਰੋਨਾ ਵਾਇਰਸ ਸੀ-ਫੂਡ ਨਾਲ ਜੁੜਿਆ ਹੈ। ਕੋਰੋਨਾ ਵਾਇਰਸ ਊਠ, ਬਿੱਲੀਆਂ, ਚਮਗਿੱਦੜਾਂ ਸਣੇ ਕਈ ਪਸ਼ੂਆਂ 'ਚ ਵੀ ਦਾਖਲ ਹੋ ਰਿਹਾ ਹੈ। ਕੋਰੋਨਾ ਵਾਇਰਸ ਦੇ ਮਰੀਜ਼ਾਂ 'ਚ ਆਮ ਤੌਰ 'ਤੇ ਜ਼ੁਕਾਮ, ਖਾਂਸੀ, ਗਲੇ ਦਾ ਦਰਦ, ਸਾਹ ਲੈਣ ਦੀ ਪ੍ਰੇਸ਼ਾਨੀ ਅਤੇ ਬੁਖਾਰ ਵਰਗੇ ਲੱਛਣ ਦੇਖੇ ਜਾਂਦੇ ਹਨ। ਕਈ ਮਰੀਜ਼ਾਂ ਨੂੰ ਨਿਮੋਨੀਆ ਹੋ ਜਾਂਦਾ ਹੈ ਤੇ ਫਿਰ ਇਹ ਵਿਗੜ ਜਾਂਦਾ ਹੈ।