ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਇਕ ਮੰਤਰੀ ਨੇ ਅੱਜ ਸ਼ਨਿੱਚਰਵਾਰ ਨੂੰ ਖੁਲਾਸਾ ਕੀਤਾ ਹੈ ਕਿ ਕਰਤਾਰਪੁਰ ਲਾਂਘਾ ਸ਼ੁਰੂ ਕਰਨ ਪਿੱਛੇ ਉਨ੍ਹਾਂ ਦੇ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਦਾ ਦਿਮਾਗ ਹੈ। ਇਸ ਤੋਂ ਪਹਿਲਾਂ ਇਮਰਾਨ ਨੇ ਦਾਅਵਾ ਕੀਤਾ ਸੀ ਕਿ ਇਸ ਦੀ ਸ਼ੁਰੂਆਤ ਕਰਨ ਦਾ ਵਿਚਾਰ ਉਨ੍ਹਾਂ ਦਾ ਸੀ।
ਦੱਸ ਦੇਈਏ ਕਿ ਇਸ ਮਹੀਨੇ 9 ਨਵੰਬਰ 2019 ਨੂੰ ਪ੍ਰਕਾਸ਼ ਪੁਰਵ ਮੌਕੇ ਇਮਰਾਨ ਖਾਨ ਨੇ ਭਾਰਤੀ ਸਿੱਖ ਸ਼ਰਧਾਲੂਆਂ ਲਈ ਕਰਤਾਰਪੁਰ ਲਾਂਘੇ ਦਾ ਉਦਘਾਟਨ ਕੀਤਾ ਸੀ।
ਇਮਰਾਨ ਨੇ ਉਦਘਾਟਨ ਕਰਦਿਆਂ ਕਿਹਾ ਸੀ, ‘ਮੈਨੂੰ ਇਸ ਥਾਂ ਦੀ ਮਹੱਤਤਾ ਬਾਰੇ ਨਹੀਂ ਪਤਾ ਸੀ। ਮੈਨੂੰ ਇਸ ਬਾਰੇ ਇਕ ਸਾਲ ਪਹਿਲਾਂ ਹੀ ਪਤਾ ਲੱਗਿਆ ਸੀ। ਮੈਨੂੰ ਖੁਸ਼ੀ ਹੈ ਕਿ ਮੈਂ ਇਹ ਤੁਹਾਡੇ ਲਈ ਕਰ ਸਕਿਆ।' ਜਦਕਿ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਸਰਕਾਰ ਨੇ ਦਾਅਵਾ ਕੀਤਾ ਸੀ ਕਿ ਕਰਤਾਰਪੁਰ ਲਾਂਘੇ ਲਈ ਪਹਿਲ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕੀਤੀ ਸੀ।
ਪਰ ਪਾਕਿਸਤਾਨ ਦੇ ਰੇਲਵੇ ਮੰਤਰੀ ਅਤੇ ਇਮਰਾਨ ਦੇ ਕਰੀਬੀ ਮੰਨੇ ਜਾਂਦੇ ਸ਼ੇਖ ਰਾਸ਼ਿਦ ਨੇ ਪਾਕਿ ਸਰਕਾਰ ਦੇ ਦਾਅਵੇ ਦੇ ਉਲਟ ਬੋਲ ਕੇ ਆਪਣੀ ਹੀ ਸਰਕਾਰ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਉਨ੍ਹਾਂ ਸ਼ਨੀਵਾਰ ਨੂੰ ਕਿਹਾ ਕਿ ਇਸ ਲਾਂਘੇ ਨੂੰ ਸ਼ੁਰੂ ਕਰਨ ਪਿੱਛੇ ਪਾਕਿ ਫ਼ੌਜ ਮੁਖੀ ਜਨਰਲ ਬਾਜਵਾ ਦਾ ਦਿਮਾਗ ਸੀ ਤੇ ਭਾਰਤ ਨੂੰ ਇਹ ਹਮੇਸ਼ਾਂ ਚੁਭਦਾ ਰਹੇਗਾ।
ਸ਼ੇਖ ਰਾਸ਼ਿਦ ਨੇ ਕਿਹਾ, ‘ਜਨਰਲ ਬਾਜਵਾ ਨੇ ਇਸ ਲਾਂਘੇ ਨੂੰ ਖੁੱਲ੍ਹ ਕੇ ਭਾਰਤ ‘ਤੇ ਕਰਾਰਾ ਹਮਲਾ ਕੀਤਾ ਹੈ। ਇਸ ਪ੍ਰਾਜੈਕਟ ਦੇ ਜ਼ਰੀਏ ਪਾਕਿਸਤਾਨ ਨੇ ਸ਼ਾਂਤੀ ਦਾ ਮਾਹੌਲ ਬਣਾਇਆ ਤੇ ਸਿੱਖ ਕੌਮ ਦਾ ਪਿਆਰ ਜਿੱਤ ਲਿਆ। ਰਾਸ਼ਿਦ ਨੇ ਭਾਰਤੀ ਮੀਡੀਆ ‘ਤੇ ਜਾਣਬੁੱਝ ਕੇ ਜਨਰਲ ਬਾਜਵਾ ਦੀ ਸੇਵਾ ਦੇ ਵਿਸਥਾਰ ਨੂੰ ਵੱਡੀ ਖ਼ਬਰ ਬਣਾਉਣ ਦਾ ਦੋਸ਼ ਲਾਇਆ।
ਸ਼ੇਖ ਰਾਸ਼ਿਦ ਨੇ ਮੰਨਿਆ ਕਿ ਇਮਰਾਨ ਸਰਕਾਰ ਨੂੰ ਪਾਕਿ ਆਰਮੀ ਦੀ ਹਮਾਇਤ ਪ੍ਰਾਪਤ ਸੀ। ਉਨ੍ਹਾਂ ਕਿਹਾ, ‘ਇਮਰਾਨ ਖ਼ਾਨ ਦੀ ਸਰਕਾਰ ਦੇ ਤਿੰਨ ਸਾਲ ਬਚੇ ਹਨ ਤੇ ਬਾਜਵਾ ਨੂੰ ਤਿੰਨ ਮਹੀਨੇ ਨਹੀਂ ਬਲਕਿ ਤਿੰਨ ਸਾਲਾਂ ਦੀ ਸੇਵਾ ਵਧਾ ਦਿੱਤੀ ਗਈ ਹੈ। ਇਸ ਲਈ ਸਾਡੀ ਸਰਕਾਰ ਆਪਣਾ ਕਾਰਜਕਾਲ ਪੂਰਾ ਕਰੇਗੀ।