ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਅੱਜ ਸੋਮਵਾਰ ਨੂੰ ਚੀਨ ਦੀ ਰਾਜਧਾਨੀ ਬੀਜਿੰਗ ਪੁੱਜੇ; ਜਿੱਥੇ ਉਹ ਅੱਜ ਤੋਂ ਸੁਰੂ ਹੋਈ ਪਾਕਿਸਤਾਨ–ਚੀਨ ਵਿਦੇਸ਼ ਮੰਤਰੀਆਂ ਦੀ ਪਹਿਲੀ ਰਣਨੀਤਕ ਗੱਲਬਾਤ ਵਿੱਚ ਸ਼ਾਮਲ ਹੋਣਗੇ। ਇਹ ਗੱਲਬਾਤ 20 ਮਾਰਚ ਤੱਕ ਚੱਲਣੀ ਹੈ। ਪਾਕਿਸਤਾਨੀ ਵਿਦੇਸ਼ ਮੰਤਰਾਲੇ ਮੁਤਾਬਕ ਦੋਵੇਂ ਧਿਰਾਂ ਦੁਵੱਲੇ ਸਬੰਧਾਂ ਵਿੱਚ ਸ਼ਾਮਲ ਚੀਨ–ਪਾਕਿਸਤਾਨ ਆਰਥਿਕ ਲਾਂਘੇ (CPEC) ਤੇ ਖੇਤਰੀ ਹਾਲਾਤ ਦੇ ਨਾਲ–ਨਾਲ ਬਹੁ–ਪੱਖੀ ਮੰਚ ਉੱਤੇ ਵਿਸਥਾਰ ਨਾਲ ਚਰਚਾ ਹੋਵੇਗੀ।
ਪਾਕਿਸਤਾਨ ਦੇ ਮੰਤਰੀ ਦੀ ਚੀਨ ਯਾਤਰਾ ਅਜਿਹੇ ਵੇਲੇ ਹੋ ਰਹੀ ਹੈ, ਜਦੋਂ ਚੀਨ ਨੇ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਵਿੱਚ ਪਾਕਿਸਤਾਨ ’ਚ ਸਰਗਰਮ ਅੱਤਵਾਦੀ ਜੱਥੇਬੰਦੀ ਜੈਸ਼–ਏ–ਮੁਹੰਮਦ ਦੇ ਸਰਗਨੇ ਮਸੂਦ ਅਜ਼ਹਰ ਨੂੰ ਅੰਤਰਰਾਸ਼ਟਰੀ ਅੱਤਵਾਦੀ ਐਲਾਨਦ ਦੇ ਪ੍ਰਸਤਾਵ ਉੱਤੇ ਤਕਨੀਕ ਅੜਿੱਕਾ ਲਾ ਦਿੱਤਾ, ਜਿਸ ਨੂੰ ਭਾਰਤ ਨੇ ਨਿਰਾਸ਼ਾਜਨਕ ਕਦਮ ਕਰਾਰ ਦਿੱਤਾ।
ਸਲਾਮਤੀ ਕੌਂਸਲ ਵਿੱਚ ਮਸੂਦ ਅਜ਼ਹਰ ਨੂੰ ਕੌਮਾਂਤਰੀ ਅੱਤਵਾਦੀ ਐਲਾਨਣ ਦਾ ਪ੍ਰਸਤਾਵ ਫ਼ਰਾਂਸ, ਬ੍ਰਿਟੇਨ ਤੇ ਅਮਰੀਕਾ ਵੱਲੋਂ ਲਿਆਂਦਾ ਗਿਆ ਸੀ। ਕੁਰੈਸ਼ੀ ਦਾ CPEC ਉੱਤੇ ਸਿਆਸੀ ਪਾਰਟੀਆਂ ਨੂੰ ਸੰਬੋਧਨ ਕਰਨ ਦਾ ਪ੍ਰੋਗਰਾਮ ਹੈ ਤੇ ਉਹ ਸੱਤਾਧਾਰੀ ਪਾਕਿਸਤਾਨ ਤਹਿਰੀਕ–ਏ–ਇਨਸਾਫ਼ (PTI) ਪਾਰਟੀ ਅਤੇ ਕਮਿਊਨਿਸਟ ਪਾਰਟੀ ਆਫ਼ ਚੀਨ (CPC) ਵਿਚਾਲੇ ਹੋਣ ਵਾਲੀ ਚਰਚਾ ਵਿੱਚ ਸ਼ਾਮਲ ਹੋਣਗੇ ਤੇ ਚੀਨੀ ਆਗੂਆਂ ਨਾਲ ਗੱਲਬਾਤ ਕਰਨਗੇ।