ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਅੱਜ ਐਤਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲੋਕ ਸਭਾ ਚੋਣਾਂ ਚ ਜ਼ਬਰਦਸਤ ਜਿੱਤ ਹਾਸਲ ਕਰਨ ਤੇ ਵਧਾਈ ਦਿੱਤੀ ਹੈ। ਵਿਦੇਸ਼ ਮੰਤਰਾਲੇ ਤੋਂ ਮਿਲੀ ਜਾਣਕਾਰੀ ਮੁਤਾਬਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਸਰਕਾਰ ਦੀ ਗੁਆਂਢੀ ਪਹਿਲਾਂ ਦੀ ਨੀਤੀ ਨੂੰ ਯਾਦ ਕਰਵਾਉਂਦਿਆਂ ਪਾਕਿ ਪੀਐਮ ਨੂੰ ਸਾਂਝੇ ਤੌਰ ਤੇ ਗ਼ਰੀਬੀ ਨਾਲ ਲੜਨ ਲਈ ਪਹਿਲ ਕਰਨ ਦੀ ਸਲਾਹ ਦਾ ਜ਼ਿਕਰ ਕੀਤਾ।
ਇਮਰਾਨ ਖ਼ਾਨ ਨਾਲ ਟੈਲੀਫ਼ੋਨ ਤੇ ਗੱਲਬਾਤ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜ਼ੋਰ ਦਿੰਦਿਆਂ ਕਿਹਾ ਕਿ ਖੇਤਰ ਚ ਸ਼ਾਂਤੀ, ਤਰੱਕੀ ਅਤੇ ਬਰਕਤ ਲਈ ਸਹਿਯੋਗ ਨੂੰ ਵਾਧਾ ਦੇਣ ਲਈ ਵਿਸ਼ਵਾਸ ਅਤੇ ਹਿੰਸਾ ਮੁਕਤ ਵਾਤਾਵਰਣ ਬਣਾਉਣਾ ਜ਼ਰੂਰੀ ਹੈ।
ਇਮਰਾਨ ਖ਼ਾਨ ਤੋਂ ਇਲਾਵਾ ਅੱਜ ਮਾਲਦੀਪ ਦੇ ਸਾਬਕਾ ਰਾਸ਼ਟਰਪਤੀ ਮੁਹੰਮਦ ਨਸ਼ੀਦ ਅਤੇ ਨੇਪਾਲ ਦੇ ਸਾਬਕਾ ਪ੍ਰਧਾਨ ਮੰਤਰੀ ਮਾਧਵ ਨੇਪਾਲ ਨੇ ਵੀ ਪ੍ਰਧਾਨ ਮੰਤਰੀ ਨੂੰ ਫ਼ੋਨ ਕਰਕੇ ਉਨ੍ਹਾਂ ਨੂੰ ਆਮ ਚੋਣਾਂ ਚ ਦੋਬਾਰਾ ਜਿੱਤ ਹਾਸਲ ਕਰਨ ਲਈ ਵਧਾਈ ਦਿੱਤੀ। ਜਿਸ ਤੇ ਪੀਐਮ ਮੋਦੀ ਨੇ ਉਨ੍ਹਾਂ ਦਾ ਧੰਨਵਾਦ ਪ੍ਰਗਟਾਇਆ।
.