ਪਾਕਿਸਤਾਨ ਵਿੱਚ ਕੋਰੋਨਾ ਵਾਇਰਸ ਦੇ ਪਹਿਲੇ ਦੋ ਮਾਮਲਿਆਂ ਦੀ ਪੁਸ਼ਟੀ ਹੋਣ ਤੋਂ ਬਾਅਦ, ਪਾਕਿਸਤਾਨ ਨੇ ਇਰਾਨ ਲਈ ਆਪਣੀਆਂ ਸਾਰੀਆਂ ਉਡਾਣਾਂ ਰੋਕ ਦਿੱਤੀਆਂ ਹਨ ਅਤੇ ਗੁਆਂਢੀ ਦੇਸ਼ ਨਾਲ ਲੱਗਦੀ ਜ਼ਮੀਨੀ ਸਰਹੱਦ ਸੀਲ ਕਰ ਦਿੱਤੀ ਹੈ। ਇਸ ਤੋਂ ਪਹਿਲਾਂ ਦੋ ਵਿਅਕਤੀ ਜਿਨ੍ਹਾਂ ਦੀ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਹੈ ਹਾਲ ਹੀ ਵਿੱਚ ਇਸਲਾਮਿਕ ਰੀਪਬਲਿਕ ਤੋਂ ਵਾਪਸ ਆ ਗਏ ਹਨ।
ਪਾਕਿਸਤਾਨ ਤੋਂ ਚੀਨ ਅਤੇ ਅਫ਼ਗ਼ਾਨਿਸਤਾਨ ਤੱਕ ਹਵਾਈ ਸੇਵਾਵਾਂ ਜਾਰੀ ਹਨ ਅਤੇ ਇਨ੍ਹਾਂ ਦੋਵਾਂ ਦੇਸ਼ਾਂ ਨਾਲ ਲੱਗੀਆਂ ਜ਼ਮੀਨੀ ਸਰਹੱਦਾਂ ਵੀ ਖੁੱਲ੍ਹੀਆਂ ਹਨ। ਮਹੱਤਵਪੂਰਨ ਗੱਲ ਇਹ ਹੈ ਕਿ ਚੀਨ ਕੋਰੋਨਾ ਵਾਇਰਸ ਦਾ ਕੇਂਦਰ ਹੈ ਅਤੇ ਇਹ ਇੱਥੋਂ ਸ਼ੁਰੂ ਹੋਇਆ ਸੀ। ਇਸ ਹਫ਼ਤੇ ਅਫ਼ਗ਼ਾਨਿਸਤਾਨ ਵਿੱਚ ਵੀ ਇਸ ਵਾਇਰਸ ਦੇ ਪਹਿਲੇ ਕੇਸ ਦੀ ਪੁਸ਼ਟੀ ਹੋਈ ਹੈ।
ਪਾਕਿਸਤਾਨ ਦੇ ਨਾਗਰਿਕ ਹਵਾਬਾਜ਼ੀ ਅਥਾਰਟੀ ਦੇ ਬੁਲਾਰੇ ਅਬਦੁੱਲ ਸੱਤਾਰ ਖੋਖਰ ਨੇ ਕਿਹਾ ਕਿ ਹਵਾਬਾਜ਼ੀ ਵਿਭਾਗ ਨੇ ਪਾਕਿਸਤਾਨ ਅਤੇ ਇਰਾਨ ਵਿਚਾਲੇ ਚੱਲ ਰਹੀਆਂ ਸਾਰੀਆਂ ਸਿੱਧੀਆਂ ਏਅਰਲਾਈਨਾਂ ਨੂੰ ਰੋਕਣ ਦਾ ਫ਼ੈਸਲਾ ਕੀਤਾ ਹੈ। ਪਾਕਿਸਤਾਨ ਏਅਰਲਾਇਨਜ਼ ਦੋਵਾਂ ਦੇਸ਼ਾਂ ਦਰਮਿਆਨ ਕੋਈ ਵੀ ਹਵਾਈ ਜਹਾਜ਼ ਨਹੀਂ ਚਲਾਉਂਦੀ, ਜਿਸ ਦਾ ਮਤਲਬ ਹੈ ਕਿ ਇਸ ਫੈਸਲੇ ਦਾ ਅਸਰ ਤਿੰਨ ਈਰਾਨ ਏਅਰਲਾਇਨਜ਼- ਈਰਾਨ ਏਅਰ, ਮਹਾਨ ਏਅਰ ਅਤੇ ਤਬਾਨ ਏਅਰ ਉੱਤੇ ਪਵੇਗਾ।
ਕੋਰੋਨਾ ਵਾਇਰਸ ਕਾਰਨ ਹੁਣ ਤੱਕ 2856 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦੋਂ ਕਿ 83 ਹਜ਼ਾਰ ਲੋਕ ਇਸ ਤੋਂ ਪ੍ਰਭਾਵਤ ਹਨ। ਇਸ ਵਾਇਰਸ ਨਾਲ ਸੰਕਰਮਿਤ ਲੋਕਾਂ ਦੀ ਗਿਣਤੀ ਦਿਨੋ ਦਿਨ ਵੱਧ ਰਹੀ ਹੈ। ਹਾਲਾਂਕਿ, ਈਰਾਨ ਖੇਤਰ ਵਿੱਚ ਕੈਰੋਨਾ ਵਾਇਰਸ ਦਾ ਸਭ ਤੋਂ ਵੱਡਾ ਕੇਂਦਰ ਬਣ ਕੇ ਉੱਭਰਿਆ ਹੈ ਅਤੇ ਹੁਣ ਤੱਕ 26 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 245 ਲੋਕ ਪੀੜਤ ਹਨ।