ਕਰਤਾਰਪੁਰ ਲਾਂਘੇ ਲਈ ਰੱਖੇ ਗਏ ਨੀਂਹ ਪੱਥਰ ਸਮਾਗਮ ਦੌਰਾਨ ਖਾਲਿਸਤਾਨੀ ਗੋਪਾਲ ਚਾਵਲਾ ਦੀ ਮੌਜੂਦਗੀ ਤੇ ਉੱਠ ਰਹੇ ਸਵਾਲਾਂ ਤੇ ਪਾਕਿਸਤਾਨ ਨੇ ਸਫਾਈ ਦਿੱਤੀ ਹੈ। ਪਾਕਿਸਤਾਨ ਨੇ ਕਿਹਾ ਹੈ ਕਿ ਗੋਪਾਲ ਸਿੰਘ ਚਾਵਲਾ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਪੀਐਸਜੀਪੀਸੀ) ਦੇ ਇੱਕ ਸੀਨੀਅਰ ਆਗੂ ਹਨ ਅਤੇ ਉਨ੍ਹਾਂ ਨੂੰ ਸਿੱਖ ਕੌਮ ਨਾਲ ਸਬੰਧਤ ਸਾਰੇ ਸਮਾਗਮਾਂ ਲਈ ਸੱਦਿਆ ਜਾਂਦਾ ਹੈ। ਇਸ ਦੌਰਾਨ ਉਹ ਕਰਤਾਰਪੁਰ ਲਾਂਘੇ ਦੇ ਨੀਂਹ ਪੱਥਰ ਰੱਖਣ ਸਬੰਧੀ ਉਲੀਕੇ ਗਏ ਸਮਾਗਮ ਚ ਸ਼ਾਮਲ ਹੋਏ ਸਨ।
ਦੱਸਣਯੋਗ ਹੈ ਕਿ ਗੋਪਾਲ ਸਿੰਘ ਚਾਵਲਾ ਖਾਲਿਸਤਾਨੀ ਵੱਖਵਾਦੀ ਨੇਤਾ ਹਨ ਅਤੇ ਭਾਰਤ ਦੀਆਂ ਨਜ਼ਰਾਂ ਚ ਉਹ ਅੱਤਵਾਦੀ ਹਨ। ਗੋਪਾਲ ਚਾਵਲਾ ਤੇ ਭਾਰਤੀ ਪੰਜਾਬ ਦੇ ਲੋਕਾਂ ਨੂੰ ਭੜਕਾਉਣ ਅਤੇ ਹਿੰਸਾ ਫੈਲਾਉਣ ਦਾ ਦੋਸ਼ ਹੈ।
ਗੋਪਾਲ ਚਾਵਲਾ ਦਾ ਇੱਕ ਵੀਡਿਓ ਕਾਫੀ ਵਾਇਰਲ ਹੋ ਰਿਹਾ ਹੈ ਜਿਸ ਚ ਉਸਨੇ ਪਾਕਿਸਤਾਨੀ ਫ਼ੌਜ ਦੇ ਮੋਢਿਆਂ ਤੇ ਸਵਾਰ ਹੁੰਦਿਆਂ ਭਾਰਤ ਨੂੰ ਇੱਟ ਨਾਲ ਇੱਟ ਵਜਾਉਣ ਦੀ ਧਮਕੀ ਦਿੱਤੀ ਸੀ। ਇਸ ਵੀਡਿਓ ਚ ਖਾਲਿਸਤਾਨੀ ਗੋਪਾਲ ਨੇ ਭਾਰਤੀ ਸਿੱਖਾਂ ਨੂੰ ਵਰਗਲਾਉਣ ਦੀ ਕੋਸਿ਼ਸ਼ ਕਰਦਿਆਂ ਖੁੱਦ ਨੂੰ ਪਾਕਿਸਤਾਨ ਦਾ ਸੱਚਾ ਦੇਸ਼ ਭਗਤ ਅਤੇ ਕੌਮ ਦਾ ਇੰਕਲਾਬੀ ਨੇਤਾ ਕਰਾਰ ਦਿੱਤਾ ਸੀ।