ਇਮਰਾਨ ਖ਼ਾਨ ਦੀ ਅਗਵਾਈ ਹੇਠਲੀ ਪਾਕਿਸਤਾਨ ਤਹਿਰੀਕ–ਏ–ਇਨਸਾਫ਼ ਪਾਰਟੀ ਰੁਜ਼ਗਾਰ ਦੇ ਇੱਕ ਕਰੋੜ ਨਵੇਂ ਮੌਕੇ ਸਿਰਜਣ ਦਾ ਵਾਅਦਾ ਕਰ ਕੇ ਸੱਤਾ ਵਿੱਚ ਆਈ ਸੀ ਪਰ ਹੁਣ ਉਸ ਦੇ ਵਿਗਿਆਨ ਤੇ ਤਕਨਾਲੋਜੀ ਮੰਤਰੀ ਫ਼ਵਾਦ ਚੌਧਰੀ ਨੇ ਕਿਹਾ ਹੈ ਕਿ ਲੋਕ ਨੌਕਰੀਆਂ ਲਈ ਸਰਕਾਰ ਵੱਲ ਨਾ ਵੇਖਣ ਕਿਉਂਕਿ ਸਰਕਾਰ 400 ਵਿਭਾਗ ਬੰਦ ਕਰਨ ਜਾ ਰਹੀ ਹੈ। ਮੰਤਰੀ ਦੇ ਇਸ ਬਿਆਨ ਤੋਂ ਹੀ ਪਾਕਿਸਤਾਨ ਜਿਹੇ ਦੇਸ਼ ਦੀ ਆਰਥਿਕ ਕੰਗਾਲੀ ਜੱਗ–ਜ਼ਾਹਿਰ ਹੋ ਜਾਂਦੀ ਹੈ।
ਜਦੋਂ ਫ਼ਵਾਦ ਚੌਧਰੀ ਦੇ ਬਿਆਨ ’ਤੇ ਹੰਗਾਮਾ ਮਚਿਆ, ਤਾਂ ਉਨ੍ਹਾਂ ਸਫ਼ਾਈ ਦਿੱਤੀ ਕਿ ਮੀਡੀਆ ਵਿੱਚ ਉਨ੍ਹਾਂ ਦੇ ਹਰੇਕ ਬਿਆਨ ਨੂੰ ਤੋੜ–ਮਰੋੜ ਕੇ ਪੇਸ਼ ਕੀਤਾ ਜਾਂਦਾ ਹੈ। ਇਸ ਬਿਆਨ ਵੇਲੇ ਵੀ ਅਜਿਹਾ ਹੀ ਹੋਇਆ ਹੈ।
ਪਾਕਿਸਤਾਨੀ ਮੀਡੀਆ ’ਚ ਪ੍ਰਕਾਸ਼ਿਤ ਰਿਪੋਰਟ ਮੁਤਾਬਕ ਇਸਲਾਮਾਬਾਦ ’ਚ ਇੱਕ ਸਮਾਰੋਹ ਦੌਰਾਨ ਸ੍ਰੀ ਚੌਧਰੀ ਨੇ ਕਿਹਾ ਕਿ ਸਰਕਾਰ ਲੋਕਾਂ ਨੂੰ ਰੁਜ਼ਗਾਰ ਮੁਹੱਈਆ ਨਹੀਂ ਕਰਵਾ ਸਕਦੀ। ਇਸ ਦੀ ਥਾਂ ਮੈਂ ਤਾਂ ਤੁਹਾਨੂੰ ਇਹ ਦੱਸ ਰਿਹਾ ਹਾਂ ਕਿ ਸਰਕਾਰ ਚਾਰ ਸੌ ਵਿਭਾਗ ਬੰਦ ਕਰਨ ਜਾ ਰਹੀ ਹੈ।
ਸ੍ਰੀ ਚੌਧਰੀ ਨੇ ਕਿਹਾ ਕਿ ਪਾਕਿਸਤਾਨ ਵਿੱਚ ਤੇ ਦੁਨੀਆ ਵਿੱਚ ਹਰ ਥਾਂ ਸਰਕਾਰ ਦੀ ਭੂਮਿਕਾ ਸੁੰਗੜ ਰਹੀ ਹੈ। ਲੋਕਾਂ ਲਈ ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਸਰਕਾਰ ਨੌਕਰੀਆਂ ਨਹੀਂ ਦੇ ਸਕਦੀ। ਜੇ ਅਸੀਂ ਨੌਕਰੀਆਂ ਲਈ ਸਰਕਾਰ ਵੱਲ ਵੇਖਾਂਗੇ, ਤਾਂ ਸਾਡੀ ਅਰਥ–ਵਿਵਸਥਾ ਦਾ ਢਾਂਚਾ ਢਹਿ–ਢੇਰੀ ਹੋ ਜਾਵੇਗਾ।
ਇਹ 1970 ਦੇ ਦਹਾਕੇ ਦੀ ਮਾਨਸਿਕਤਾ ਹੈ ਕਿ ਸਰਕਾਰ ਰੁਜ਼ਗਾਰ ਦੇਵੇਗੀ… ਹੁਣ ਰੁਜ਼ਗਾਰ ਨਿਜੀ ਖੇਤਰ ਦਿੰਦਾ ਹੈ। ਇਸ ਬਿਆਨ ’ਤੇ ਵਿਵਾਦ ਪਿੱਛੋਂ ਚੌਧਰੀ ਨੇ ਟਵਿਟਰ ਉੱਤੇ ਮੋਰਚਾ ਸੰਭਾਲਿਆ ਤੇ ਕਿਹਾ ਕਿ ਉਨ੍ਹਾਂ ਦੀ ਗੱਲ ਨੂੰ ਸੰਦਰਭ ਤੋਂ ਕੱਟ ਕੇ ਪੇਸ਼ ਕੀਤਾ ਗਿਆ ਹੈ।