ਅੱਜ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣ ਵੇਲੇ ਇਮਰਾਨ ਖਾਨ ਬਹੁਤ ਸਾਰੇ ਸ਼ਬਦਾਂ ਨੂੰ ਬੋਲਣ ਸਮੇਂ ਉਲਝ ਗਏ। ਉਨ੍ਹਾਂ ਨੇ ਕਈ ਸ਼ਬਦ ਗ਼ਲਤ ਬੋਲੇ। ਰਾਸ਼ਟਰਪਤੀ ਮਹਿਲ ਵਿਚ ਰਾਸ਼ਟਰਪਤੀ ਮਮਨੂਨ ਹੁਸੈਨ ਨੇ ਪਾਕਿਸਤਾਨ ਤਹਿਰੀਕ-ਏ-ਇਨਸਾਫ ਦੇ 65 ਸਾਲਾ ਮੁਖੀ ਖ਼ਾਨ ਨੂੰ ਪਦ ਅਤੇ ਗੁਪਤਤਾ ਦੀ ਸਹੁੰ ਚੁਕਾਈ। ਇਸ ਦੌਰਾਨ ਖਾਨ ਨੂੰ ਘਬਰਾਹਟ ਵਿਚ ਦੇਖਿਆ ਗਿਆ। ਕਈ ਵਾਰ ਉਹ ਉਰਦੂ ਦੇ ਸ਼ਬਦਾਂ ਦਾ ਗ਼ਲਤ ਉਚਾਰਣ ਕਰਦੇ ਰਹੇ।
ਜਦੋਂ ਰਾਸ਼ਟਰਪਤੀ ਹੁਸੈਨ ਨੇ 'ਰੋਜ਼-ਏ-ਕਯਾਮਮਤ' (ਫੈਸਲਾਕੁੰਨ ਦਿਨ) ਕਿਹਾ, ਤਾਂ ਖਾਨ ਇਸਨੂੰ ਸਹੀ ਢੰਗ ਨਾਲ ਨਹੀਂ ਸੁਣ ਸਕੇ ਅਤੇ ਇਸਦਾ ਗਲਤ ਉਚਾਰਣ 'ਰੋਜ਼-ਏ-ਕਿਯਾਦਤ' (ਲੀਡਰਸ਼ਿਪ ਦਾ ਦਿਨ) ਕਰ ਦਿੱਤਾ। ਜਿਸ ਕਾਰਨ ਸਾਰਾ ਮਤਲਬ ਹੀ ਬਦਲ ਗਿਆ। ਜਦੋਂ ਰਾਸ਼ਟਰਪਤੀ ਨੇ ਇਸ ਸ਼ਬਦ ਨੂੰ ਦੁਹਰਾਇਆ ਤਾਂ ਖਾਨ ਨੇ ਆਪਣੀ ਗ਼ਲਤੀ ਦਾ ਅਹਿਸਾਸ ਕੀਤਾ। ਉਹ ਮੁਸਕਰਾਏ ਤੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਅਤੇ ਫ਼ਿਰ ਸਹੁੰ ਚੁੱਕੀ। ਰਿਪੋਰਟ ਅਨੁਸਾਰ ਕੁਝ ਪਾਕਿਸਤਾਨੀ ਪੱਤਰਕਾਰਾਂ ਨੇ ਇਹ ਵੀ ਅੰਦਾਜ਼ਾ ਲਗਾਇਆ ਕਿ ਕੀ ਪ੍ਰਧਾਨ ਮੰਤਰੀ ਦਾ ਹਲਫਨਾਮਾ ਇਸ ਸਾਲ ਕੁਝ ਬਦਲ ਦਿੱਤਾ ਗਿਆ ਹੈ।
ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ.ਟੀ.ਆਈ.) ਦੇ ਪ੍ਰਧਾਨ ਇਮਰਾਨ ਖ਼ਾਨ ਨੇ ਸ਼ਨੀਵਾਰ ਨੂੰ ਦੇਸ਼ ਦੇ 22 ਵੇਂ ਪ੍ਰਧਾਨ ਮੰਤਰੀ ਵਜੋਂ ਰਾਸ਼ਟਰਪਤੀ ਭਵਨ ਵਿਚ ਸਹੁੰ ਚੁੱਕੀ। ਦੇਸ਼ ਵਿੱਚ ਹੋਈਆਂ ਆਮ ਚੋਣਾਂ ਵਿੱਚ ਖ਼ਾਨ ਦੀ ਪਾਰਟੀ ਤਹਿਰੀਕ-ਏ-ਇਨਸਾਫ਼ (ਪੀ.ਟੀ.ਆਈ.) ਨੇ ਸਭ ਤੋਂ ਵੱਧ ਸੀਟਾਂ ਜਿੱਤੀਆਂ ਸਨ। ਇਮਰਾਨ ਨੇ ਆਪਣੇ ਵਿਰੋਧੀ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀਐਮਐਲ-ਐਨ) ਦੇ ਉਮੀਦਵਾਰ ਸ਼ਾਹਬਾਜ਼ ਸ਼ਰੀਫ ਨੂੰ ਹਰਾਇਆ ਤੇ ਪ੍ਰਧਾਨ ਮੰਤਰੀ ਦੀ ਕੁਰਸੀ 'ਤੇ ਕਾਬਜ਼ ਹੋ ਗਏ।