ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਪਹਿਲੀ ਵਾਰ ਮੰਨਿਆ ਹੈ ਕਿ ਸਾਲ 2008 ਦੇ ਮੰੁਬਈ ਹਮਲਿਆਂ ਨੂੰ ਪਾਕਿਸਤਾਨੀ ਅੱਤਵਾਦੀ ਸੰਗਠਨ ਲਸ਼ਕਰ ਏ ਤੋਇਬਾ ਨੇ ਨੇਪਰੇ ਚਾੜ੍ਹਿਆ ਸੀ। ਇਮਰਾਨ ਨੇ ਅਮਰੀਕੀ ਅਖ਼ਬਾਰ ਵਾਸਿ਼ੰਗਟਨ ਪੋਸਟ ਨੂੰ ਦਿੱਤੇ ਇੱਕ ਇੰਟਰਵੀਊ ਚ ਇਸ ਹਮਲੇ ਦੀ ਗੱਲ ਨੂੰ ਮੰਨਿਆ।
ਪ੍ਰਧਾਨ ਮੰਤਰੀ ਬਣਨ ਮੰਗਰੋਂ ਇਮਰਾਨ ਖ਼ਾਨ ਦਾ ਕਿਸੇ ਵਿਦੇਸ਼ੀ ਮੀਡੀਆ ਨੂੰ ਦਿੱਤਾ ਗਿਆ ਇਹ ਪਹਿਲਾ ਇੰਟਰਵੀਊ ਹੈ। ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕਿਹਾ, ‘ਮੈਂ ਆਪਣੀ ਸਰਕਾਰ ਨਾਲ ਇਸ ਮਾਮਲੇ ਦੀ ਸਥਿਤੀ ਦਾ ਪਤਾ ਲਗਾਉਣ ਲਈ ਕਿਹਾ ਹੈ। ਇਸ ਮਾਮਲੇ ਨੂੰ ਸੁਲਝਾਇਆ ਜਾਣਾ ਸਾਡੇ ਭਲੇ ਚ ਹੈ ਕਿਉਂਕਿ ਇਹ ਅੱਤਵਾਦ ਦਾ ਮਾਮਲਾ ਹੈ।’
ਇਮਰਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਭਾਰਤ ਨਾਲ ਖਰਾਬ ਸਬੰਧਾਂ ਨੂੰ ਸਾਧਾਰਨ ਬਣਾਉਣ ਦੀ ਦਿਸ਼ਾ ਚ ਸਰਗਰਮ ਹੈ।
ਭਾਰਤ ਨੇ ਪਾਕਿਸਤਾਨ ਨੂੰ ਸਾਫ ਕਰ ਦਿੱਤਾ ਹੈ ਕਿ ਗੱਲਬਾਤ ਅਤੇ ਅੱਤਵਾਦ ਇੱਕਠੇ ਨਹੀਂ ਚੱਲ ਸਕਦੇ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਪਾਕਿਸਤਾਨ ਦੇ ਨਾਲ ਕਿਸੇ ਵੀ ਤਰ੍ਹਾਂ ਗੱਲਬਾਤ ਕਰਨ ਤੋਂ ਉਦੋਂ ਤੱਕ ਸਪੱਸ਼ਟ ਤੌਰ ਤੇ ਇਨਕਾਰ ਕੀਤਾ ਹੈ ਜਦੋਂ ਤੱਕ ਪਾਕਿਸਤਾਨ ਭਾਰਤ ਖਿਲਾਫ ਸਰਹੱਦ ਪਾਰ ਅੱਤਵਾਦੀ ਸਰਗਰਮੀਆਂ ਨੂੰ ਬੰਦ ਨਹੀਂ ਕਰਦਾ।
ਦੱਸਣਯੋਗ ਹੈ ਕਿ ਪਾਕਿਸਤਾਨ ਆਧਾਰਿਤ ਲਸ਼ਕਰ ਏ ਤੋਇਬਾ ਦੇ 10 ਅੱਤਵਾਦੀ 26 ਨਵੰਬਰ 2008 ਨੂੰ ਸਮੁੰਦਰੀ ਰਸਤੇ ਦੁਆਰਾ ਭਾਰਤ ਦੀ ਆਰਥਿਕ ਰਾਜਧਾਨੀ ਮੁੰਬਈ ਚ ਦਾਖਲ ਹੋ ਗਏ ਸਨ ਅਤੇ ਮੁੰਬਈ ਦੇ ਤਾਜ ਹੋਟਲ ਵਿਖੇ ਅੰਨ੍ਹੇਵਾਹ ਗੋਲੀਆਂ ਚਲਾ ਕੇ 166 ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ। ਇਸ ਹਮਲੇ ਦੌਰਾਨ ਭਾਰਤੀ ਸੁਰੱਖਿਆ ਬਲਾਂ ਨੇ 9 ਅੱਤਵਾਦੀਆਂ ਨੂੰ ਹਲਾਕ ਕਰ ਦਿੱਤਾ ਸੀ ਜਦਕਿ ਜਿ਼ੰਦਾ ਫੜ੍ਹੇ ਗਏ ਇੱਕ ਅੱਤਵਾਦੀ ਅਜਮਲ ਕਸਾਬ ਨੂੰ ਭਾਰਤੀ ਅਦਾਲਤ ਵਲੋਂ ਮੌਤ ਦੀ ਸਜ਼ਾ ਮਿਲਣ ਮਗਰੋਂ ਫਾਹੇ ਤੇ ਟੰਗ ਦਿੱਤਾ ਗਿਆ ਸੀ।
ਜਿ਼ਕਰੇਖ਼ਾਸ ਹੈ ਕਿ 26-11 ਦੇ ਇਸ ਹਮਲੇ ਦਾ ਮਾਸਟਰ ਮਾਇੰਡ ਅਤੇ ਪਾਬੰਦੀਸ਼ੁਦਾ ਜਮਾਤ ਉਦ ਦਾਵਾ ਦਾ ਮੁਖੀ ਹਾਫਿਜ਼ ਸਈਦ ਹਾਲੇ ਵੀ ਪਾਕਿਸਤਾਨ ਚ ਖੁੱਲ੍ਹੇਆਮ ਘੁੰਮ ਰਿਹਾ ਹੈ। ਸਈਦ ਤੇ ਕਾਰਵਾਈ ਕਰਨ ਨੂੰ ਲੈ ਕੇ ਪਾਕਿ ਸਰਕਾਰ ਨੇ ਹਮੇਸ਼ਾ ਹੀ ਢਿੱਲਪੁਣੇ ਦਾ ਰਵੱਈਆ ਵਰਤਿਆ ਹੈ। ਖਾਸ ਗੱਲ ਇਹ ਵੀ ਹੈ ਕਿ ਅਮਰੀਕਾ ਨੇ ਸਈਦ ਤੇ 1 ਕਰੋੜ ਅਮਰੀਕੀ ਡਾਲਰ ਦਾ ਇਨਾਮ ਰੱਖਿਆ ਹੈ।