ਭਾਰਤ ਸਰਕਾਰ ਵੱਲੋਂ ਜੰਮੂ–ਕਸ਼ਮੀਰ ’ਚੋਂ ਧਾਰਾ 370 ਹਟਾਏ ਜਾਣ ਦੇ ਬਾਅਦ ਤੋਂ ਪਾਕਿਸਤਾਨ ਅਜੀਬ–ਅਜੀਬ ਜਿਹੀਆਂ ਹਰਕਤਾਂ ਕਰ ਰਿਹਾ ਹੈ। ਕਸ਼ਮੀਰ ਮਸਲੇ ਉੱਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠਲੀ ਕੇਂਦਰ ਸਰਕਾਰ ਦੇ ਮਾਸਟਰ–ਸਟ੍ਰੋਕ ਤੋਂ ਹੈਰਾਨ–ਪਰੇਸ਼ਾਨ ਪਾਕਿਸਤਾਨ ਨੇ ਭਾਰਤੀ ਫ਼ਿਲਮਾਂ ਉੱਤੇ ਪਾਬੰਦੀ ਲਾਉਣ ਤੋਂ ਬਾਅਦ ਇੱਕ ਹੋਰ ਕਦਮ ਚੁੱਕਿਆ ਹੈ।
ਪਾਕਿਸਤਾਨ ਦੀ ਇਲੈਕਟ੍ਰੌਨਿਕ ਮੀਡੀਆ ਨਿਗਰਾਨੀ ਸੰਸਥਾ ਨੇ ਭਾਰਤੀ ਕਲਾਕਾਰਾਂ ਨੂੰ ਵਿਖਾਉਣ ਵਾਲੇ ਇਸ਼ਤਿਹਾਰਾਂ ਉੱਤੇ ਪਾਬੰਦੀ ਲਾ ਦਿੱਤੀ ਹੈ। ਪਾਕਿਸਤਾਨ ਨੇ ਇਹ ਕਦਮ ਭਾਰਤ ਵੱਲੋਂ ਜੰਮੂ–ਕਸ਼ਮੀਰ ਦਾ ਵਿਸ਼ੇਸ਼ ਦਰਜਾ ਖ਼ਤਮ ਕਰਨ ਦੇ ਵਿਰੁੱਧ ਚੁੱਕਿਆ ਹੈ।
ਪਾਕਿਸਤਾਨ ਇਲੈਕਟ੍ਰੌਨਿਕ ਮੀਡੀਆ ਰੈਗੂਲੇਟਰੀ ਅਥਾਰਟੀ ਨੇ ਬੀਤੀ 14 ਅਗਸਤ ਨੂੰ ਇੱਕ ਪੱਤਰ ਜਾਰੀ ਕਰਦਿਆਂ ਪਾਬੰਦੀ ਦਾ ਐਲਾਨ ਕੀਤਾ ਹੈ।
ਅਥਾਰਟੀ ਨੇ ਕਿਹਾ ਹੈ ਕਿ ਡੈੱਟੌਲ ਸਾਬਣ, ਸਰਫ਼ ਐਕਸੈੱਲ ਪਾਊਡਰ, ਪੈਂਟੀਨ ਸ਼ੈਂਪੂ, ਹੈੱਡ ਐਂਡ ਸ਼ੋਲਡਰ ਸ਼ੈਂਪੂ, ਲਾਈਫ਼ਬੁਆਏ ਸ਼ੈਂਪੂ, ਫ਼ੌਗ ਬਾਡੀ ਸਪ੍ਰੇਅ, ਸਨ–ਸਿਲਕ ਸ਼ੈਂਪੂ, ਨੌਰ ਨੂਡਲਜ਼, ਫ਼ੇਅਰ ਐਂਡ ਲਵਲੀ ਫ਼ੇਸ ਵਾਸ਼ ਜਿਹੇ ਉਤਪਾਦਾਂ ਦੇ ਇਸ਼ਤਿਹਾਰਾਂ ਉੱਤੇ ਪਾਬੰਦੀ ਲਾ ਦਿੱਤੀ ਗਈ ਹੈ। ਇਨ੍ਹਾਂ ਸਾਰੇ ਇਸ਼ਤਿਹਾਰਾਂ ਨੂੰ ਭਾਰਤੀ ਫ਼ਿਲਮੀ ਜਾਂ ਹੋਰ ਕਲਾਕਾਰਾਂ ਨਾਲ ਸ਼ੂਟ ਕੀਤਾ ਗਿਆ ਹੈ।