ਪਾਕਿਸਤਾਨ ’ਚ ਔਰਤਾਂ ਦਾ ਕਿੰਨਾ ਕੁ ਇੱਜ਼ਤ–ਮਾਣ ਰੱਖਿਆ ਜਾਂਦਾ ਹੈ, ਇਸ ਤੋਂ ਪੂਰੀ ਦੁਨੀਆ ਵਾਕਫ਼ ਹੈ। ਹੁਣ ਪਾਕਿਸਤਾਨ ਦੇ ਕੁਝ ਅਖੌਤੀ ਬੁੱਧੀਜੀਵੀ ਬੀਤੇ ਦਿਨੀਂ ਕੋਰੋਨਾ–ਵਾਇਰਸ ਦੀ ਮਹਾਮਾਰੀ ਲਈ ਔਰਤਾਂ ਦੇ ਆਧੁਨਿਕ ਕੱਪੜਿਆਂ ਤੇ ਪੱਬ–ਡਿਸਕੋਥੈਕ ਨੂੰ ਜ਼ਿੰਮੇਵਾਰ ਕਰਾਰ ਦੇ ਚੁੱਕੇ ਹਨ। ਹੁਣ ਪਾਕਿਸਤਾਨ ਦੇ ਸਾਬਕਾ ਗ੍ਰਹਿ ਮੰਤਰੀ ਰਹਿਮਾਨ ਮਲਿਕ ਉੱਤੇ ਅਮਰੀਕਾ ਦੀ ਇੱਕ ਔਰਤ ਸਿੰਥੀਆ ਡੌਨ ਰਿਚੀ ਨੇ ਦੋਸ਼ ਲਾਇਆ ਕਿ ਇਸ ਸਾਬਕਾ ਮੰਤਰੀ ਨੇ ਇਸਲਾਮਾਬਾਦ ਸਥਿਤ ਰਾਸ਼ਟਰਪਤੀ ਭਵਨ ਵਿੱਚ ਉਸ ਨਾਲ ਕਥਿਤ ਤੌਰ ’ਤੇ ਬਲਾਤਕਾਰ ਕੀਤਾ ਸੀ।
ਅਮਰੀਕੀ ਔਰਤ ਨੇ ਇਹ ਵੀ ਦੋਸ਼ ਲਾਇਆ ਕਿ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਯੂਸਫ਼ ਰਜ਼ਾ ਗਿਲਾਨੀ ਤੇ ਉਨ੍ਹਾਂ ਦੀ ਪਾਰਟੀ ਦੇ ਹੋਰ ਆਗੂਆਂ ਨੇ ਉਸ ਨੂੰ ਮਾਨਸਿਕ ਤੌਰ ’ਤੇ ਪਰੇਸ਼ਾਨ ਕੀਤਾ। ਸਪੱਸ਼ਟ ਹੈ ਕਿ ਔਰਤ ਦੇ ਇਸ ਦਾਅਵੇ ਨਾਲ ਪਾਕਿਸਤਾਨ ਦੀ ਸਿਆਸਤ ਵਿੱਚ ਭੂਚਾਲ ਜਿਹਾ ਆ ਗਿਆ ਹੈ।
ਫ਼ੇਸਬੁੱਕ ਉੱਤੇ ਲਾਈਵ ਸੈਸ਼ਨ ਦੌਰਾਨ ਰਿਚੀ ਨੇ ਕਿਹਾ ਕਿ ਸਾਲ 2011 ’ਚ ਰਹਿਮਾਨ ਮਲਿਕ ਨੇ ਉਸ ਨਾਲ ਬਲਾਤਕਾਰ ਕੀਤਾ ਸੀ। ਉਸ ਵੇਲੇ ਪਾਕਿਸਤਾਨ ਪੀਪਲਜ਼ ਪਾਰਟੀ (ਪੀਪੀਪੀ – PPP) ਸੱਤਾ ਵਿੱਚ ਸੀ। ਪੀਪੀਪੀ ਦੇ ਹੋਰ ਆਗੂਆਂ ਨੇ ਵੀ ਕਥਿਤ ਤੌਰ ’ਤੇ ਉਸ ਦਾ ਸ਼ੋਸ਼ਣ ਕੀਤਾ। ਰਿਚੀ ਨੇ ਇਸ ਮਾਮਲੇ ਵਿੱਚ ਜਾਂਚ ਦੀ ਮੰਗ ਕੀਤੀ ਹੈ।
ਰਿਚੀ ਦਾ ਕਹਿਣਾ ਹੈ ਕਿ ਉਸ ਕੋਲ ਕਈ ਸਬੂਤ ਹਨ ਤੇ ਉਹ ਲੋੜ ਪੈਣ ਵੁੱਤੇ ਇਹ ਸਭ ਪੇਸ਼ ਕਰੇਗੀ। ਸਿੰਥੀਆ ਨੇ ਕਿਹਾ ਕਿ ਮੈਂ 2011 ’ਚ ਅਮਰੀਕੀ ਦੂਤਾਵਾਸ ਵਿੱਚ ਇੱਕ ਵਿਅਕਤੀ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਸੀ। ਉਨ੍ਹਾਂ ਔਖੇ ਹਾਲਾਤ ਤੇ ਅਮਰੀਕਾ ਤੇ ਪਾਕਿਸਤਾਨ ਵਿਚਾਲੇ ਸਬੰਧਾਂ ਕਾਰਨ ਕੋਈ ਖਾਸ ਮਦਦ ਨਹੀਂ ਮਿਲੀ।
ਰਿਚੀ ਨੇ ਖੁਦ ਦੱਸਿਆ ਕਿ ਉਹ ਇਸ ਵੇਲੇ ਪਾਕਿਸਤਾਨ ਦੇ ਇੱਕ ਉੱਚ–ਪੱਧਰੀ ਵਿਅਕਤੀ ਨਾਲ ਰਿਸ਼ਤੇ ਵਿੱਚ ਹੈ। ਉਸੇ ਵਿਅਕਤੀ ਨੇ ਉਸ ਨੂੰ ਬੋਲਣ ਲਈ ਉਤਸ਼ਾਹਿਤ ਕੀਤਾ ਹੈ।
ਰਿਚੀ ਨੇ ਫ਼ੇਸਬੁੱਕ ਉੱਤੇ ਚਰਚਾ ਦੌਰਾਨ ਦੱਸਿਆ ਕਿ ਉਹ ਕਈ ਸਾਲਾਂ ਤੱਕ ਚੁੱਪ ਰਹੀ। ‘ਦਰਅਸਲ, ਪੀਪੀਪੀ ਦੇ ਆਗੂ ਮੈਨੂੰ ਲਗਾਤਾਰ ਧਮਕੀਆਂ ਦਿੰਦੇ ਰਹੇ ਸਨ।’
ਰਿਚੀ ਮੁਤਾਬਕ ਹੁਣ ਉਸ ਨੂੰ ਆਪਣੇ ਨਾਲ ਹੋਏ ਸ਼ੋਸ਼ਣ ਬਾਰੇ ਦੁਨੀਆ ਨੂੰ ਦੱਸਣ ਦੀ ਕੁਝ ਹਿੰਮਤ ਮਿਲੀ ਹੈ।
ਚੇਤੇ ਰਹੇ ਕਿ ਮੌਜੂਦਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਕੈਬਿਨੇਟ ਵਿੱਚ ਵੀ ਕਈ ਮੰਤਰੀ ਇਸ ਵੇਲੇ ਅਜਿਹੇ ਸੈਕਸ ਕਾਂਡਾਂ ਵਿੱਚ ਫਸੇ ਹੋਏ ਹਨ।