ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਸ਼ਨਿੱਚਰਵਾਰ ਨੂੰ ਸਪੱਸ਼ਟ ਕੀਤਾ ਕਿ ਸ਼ੁੱਕਰਵਾਰ ਨੂੰ ਨਨਕਾਣਾ ਸਾਹਿਬ ਵਿਖੇ ਵਾਪਰੀ ਇਸ ਘਟਨਾ ਵਿੱਚ ਗੁਰਦੁਆਰੇ ਨੂੰ ਕੋਈ ਨੁਕਸਾਨ ਨਹੀਂ ਹੋਇਆ ਹੈ। ਮੰਤਰਾਲੇ ਨੇ ਗੁਰਦੁਆਰੇ ਦੇ ਨੁਕਸਾਨ ਦੀ ਖ਼ਬਰ ਨੂੰ ਝੂਠੀ ਅਤੇ ਸ਼ਰਾਰਤੀ ਦੱਸਿਆ ਹੈ। ਮੰਤਰਾਲੇ ਦਾ ਕਹਿਣਾ ਹੈ ਕਿ ਇਹ ਘਟਨਾ ਇਕ ਅਫਵਾਹ ਤੋਂ ਬਾਅਦ ਵਾਪਰੀ ਜੋ ਇਕ ਚਾਹ ਦੀ ਦੁਕਾਨ 'ਤੇ ਵਾਪਰੀ, ਜਿਸ ਨੂੰ ਬਾਅਦ ਚ ਫਿਰਕੂ ਰੰਗ ਦਿੱਤਾ ਗਿਆ।
ਦਿ ਐਕਸਪ੍ਰੈਸ ਟ੍ਰਿਬਿਊਨ ਦੀ ਇਕ ਰਿਪੋਰਟ ਅਨੁਸਾਰ ਵਿਦੇਸ਼ ਵਿਭਾਗ ਦੇ ਬੁਲਾਰੇ ਨੇ ਇਕ ਬਿਆਨ ਚ ਕਿਹਾ, ‘ਪੰਜਾਬ ਦੇ ਸੂਬਾਈ ਅਧਿਕਾਰੀਆਂ ਨੇ ਦੱਸਿਆ ਹੈ ਕਿ ਨਨਕਾਣਾ ਸਾਹਿਬ ਕਸਬੇ ਚ ਦੋ ਮੁਸਲਮਾਨ ਸਮੂਹਾਂ ਵਿਚਾਲੇ ਝਗੜਾ ਹੋਇਆ ਸੀ। ਚਾਹ ਦੇ ਸਟਾਲ 'ਤੇ ਮਾਮੂਲੀ ਝਗੜਾ ਹੋਇਆ ਸੀ। ਜ਼ਿਲ੍ਹਾ ਪ੍ਰਸ਼ਾਸਨ ਨੇ ਤੁਰੰਤ ਦਖਲ ਦੇ ਕੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ, ਜੋ ਹੁਣ ਹਿਰਾਸਤ ਚ ਹੈ। ਇਸ ਘਟਨਾ ਨੂੰ ਫਿਰਕੂ ਰੰਗ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਕਿਸੇ ਨੇ ਵੀ ਗੁਰੂਦੁਆਰੇ ਨੂੰ ਨਹੀਂ ਛੂਹਿਆ ਹੈ ਅਤੇ ਇਸ ਨੂੰ ਕੋਈ ਨੁਕਸਾਨ ਨਹੀਂ ਹੋਇਆ ਹੈ।‘
ਉਨ੍ਹਾਂ ਪਵਿੱਤਰ ਗੁਰੂਦੁਆਰਾ ਸਾਹਿਬ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਖਬਰਾਂ ਨੂੰ ਨਕਾਰਦਿਆਂ ਇਸ ਨੂੰ ਝੂਠੀ ਅਤੇ ਸ਼ਰਾਰਤੀ ਦੱਸਦਿਆਂ। ਇਸ ਤੋਂ ਇਲਾਵਾ, ਗ੍ਰਹਿ ਮੰਤਰਾਲੇ ਦੇ ਇਕ ਬੁਲਾਰੇ ਨੇ ਇਸ ਮਾਮਲੇ ਵਿਚ ਸਪੱਸ਼ਟਤਾ ਜ਼ਾਹਰ ਕਰਦਿਆਂ ਕਿਹਾ, "ਗੁਰਦੁਆਰੇ 'ਤੇ ਕੋਈ ਹਮਲਾ ਨਹੀਂ ਹੋਇਆ ਸੀ ਤੇ ਸਰਕਾਰ ਸਾਰੇ ਨਾਗਰਿਕਾਂ, ਖ਼ਾਸਕਰ ਧਾਰਮਿਕ ਘੱਟ ਗਿਣਤੀਆਂ ਦੇ ਅਧਿਕਾਰਾਂ ਦੀ ਰਾਖੀ ਲਈ ਵਚਨਬੱਧ ਹੈ।"
ਬੁਲਾਰੇ ਨੇ ਕਿਹਾ ਕਿ ਕਰਤਾਰਪੁਰ ਲਾਂਘੇ ਦਾ ਉਦਘਾਟਨ ਘੱਟ ਗਿਣਤੀਆਂ ਪ੍ਰਤੀ ਪਾਕਿਸਤਾਨ ਦੀ ਵਚਨਬੱਧਤਾ ਦੀ ਇਕ ਉੱਤਮ ਮਿਸਾਲ ਹੈ।
ਇਸ ਦੌਰਾਨ ਧਾਰਮਿਕ ਮਾਮਲਿਆਂ ਬਾਰੇ ਫੈਡਰਲ ਮੰਤਰੀ ਨੂਰੂਲ ਹੱਕ ਕਾਦਰੀ ਨੇ ਇੱਕ ਬਿਆਨ ਚ ਕਿਹਾ ਕਿ ਨਨਕਾਣਾ ਸਾਹਿਬ ਵਿੱਚ ਕੋਈ ਅਣਸੁਖਾਵੀਂ ਘਟਨਾ ਨਹੀਂ ਹੋਈ ਹੈ ਤੇ ਉਥੇ ਸਥਿਤੀ ਆਮ ਵਾਂਗ ਹੈ। ਕੁਝ ਸਥਾਨਕ ਲੋਕਾਂ ਨੇ ਗ੍ਰਿਫਤਾਰ ਕੀਤੇ ਗਏ ਕੁਝ ਲੋਕਾਂ ਦੀ ਰਿਹਾਈ ਲਈ ਪੁਲਿਸ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਕੀਤਾ ਸੀ ਪਰ ਪ੍ਰਸ਼ਾਸਨ ਨਾਲ ਗੱਲਬਾਤ ਤੋਂ ਬਾਅਦ ਉਹ ਖਿੰਡ ਗਏ ਸਨ।
ਵੀਡੀਓ ਕਹਿ ਰਹੇ ਵੱਖਰੀ ਕਹਾਣੀ
ਦੱਸਣਯੋਗ ਹੈ ਕਿ ਨਨਕਾਣਾ ਸਾਹਿਬ ਦੇ ਗੁਰਦੁਆਰੇ 'ਤੇ ਸ਼ੁੱਕਰਵਾਰ ਨੂੰ ਇਕ ਵੱਡੀ ਮੁਸਲਿਮ ਭੀੜ ਨੇ ਕਥਿਤ ਤੌਰ 'ਤੇ ਹਮਲਾ ਕੀਤਾ ਸੀ, ਜਿਸ ਤੋਂ ਬਾਅਦ ਸਿੱਖ ਸ਼ਰਧਾਲੂ ਗੁਰਦੁਆਰੇ ਦੇ ਅੰਦਰ ਫਸ ਗਏ। ਸੋਸ਼ਲ ਮੀਡੀਆ 'ਤੇ ਪ੍ਰਸਾਰਿਤ ਕੀਤੀ ਗਈ ਵੀਡੀਓ ਚ ਵੇਖੀ ਗਈ ਭੀੜ ਨੇ ਘੱਟਗਿਣਤੀ ਭਾਈਚਾਰੇ ਵਿਰੁੱਧ ਫਿਰਕੂ ਅਤੇ ਨਫ਼ਰਤ ਭਰੇ ਨਾਅਰੇਬਾਜ਼ੀ ਕੀਤੀ ਅਤੇ ਸਥਾਨ 'ਤੇ ਪੱਥਰ ਸੁੱਟੇ। ਨਨਕਾਣਾ ਸਾਹਿਬ ਗੁਰਦੁਆਰਾ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਦਾ ਜਨਮ ਅਸਥਾਨ ਹੈ। ਇਥੇ ਪੂਰੀ ਦੁਨੀਆਂ ਤੋਂ ਕਰੋੜਾਂ ਸਿੱਖਾਂ ਦੀ ਆਸਥਾ ਜੁੜੀ ਹੋਈ ਹੈ।