ਬੀਤੇ ਦਿਨੀਂ ਭਾਰਤ ਤੋਂ 480 ਸਿੱਖ ਸ਼ਰਧਾਲੂਆਂ ਦਾ ਜੱਥਾ ਪਹਿਲੇ ਕੌਮਾਂਤਰੀ ਨਗਰ ਕੀਰਤਨ ਵਜੋਂ ਪਾਕਿਸਤਾਨ ਦੇ ਪਵਿੱਤਰ ਸ਼ਹਿਰ ਨਨਕਾਣਾ ਸਾਹਿਬ ਗਿਆ ਸੀ। ਇਸ ਮੌਕੇ ਸਿੱਖ ਸ਼ਰਧਾਲੂਆਂ ਕਾਰਨ ਕੁਝ ਮਨੀ–ਚੇਂਜਰਸ (ਜੋ ਭਾਰਤੀ ਕਰੰਸੀ ਲੈ ਕੇ ਬਦਲੇ ਵਿੱਚ ਪਾਕਿਸਤਾਨੀ ਰੁਪਏ ਦਿੰਦੇ ਸਨ) ਨੂੰ ਵੀ ਗੁਰਦੁਆਰਾ ਜਨਮ–ਅਸਥਾਨ ਸਾਹਿਬ ’ਚ ਮੌਜੂਦ ਰਹਿਣ ਦੀ ਇਜਾਜ਼ਤ ਦਿੱਤੀ ਗਈ ਸੀ।
ਨਨਕਾਣਾ ਸਾਹਿਬ ’ਚ ਕੁਝ ਖਾਣ–ਪੀਣ ਜਾਂ ਗੁਰੂਘਰ ਵਿਖੇ ਗੋਲਕ ’ਚ ਪਾਉਣ ਲਈ ਭਾਰਤੀ ਸ਼ਰਧਾਲੂਆਂ ਨੂੰ ਪਾਕਿਸਤਾਨੀ ਕਰੰਸੀ ਦੀ ਲੋੜ ਪੈਣੀ ਹੀ ਪੈਣੀ ਸੀ। ਚਾਹੀਦਾ ਤਾਂ ਇਹ ਸੀ ਕਿ ਬਣਦੇ ਕਾਨੂੰਨ ਮੁਤਾਬਕ ਉਹ ਮਨੀ–ਚੇਂਜਰਸ ਭਾਰਤੀ 100 ਰੁਪਏ ਬਦਲੇ 231 ਰੁਪਏ ਸ਼ਰਧਾਲੂਆਂ ਨੂੰ ਦਿੰਦੇ; ਪਰ ਉਹ ਉਨ੍ਹਾਂ ਨੂੰ ਸਿਰਫ਼ ਪਾਕਿਸਤਾਨੀ 200 ਰੁਪਏ ਹੀ ਦੇ ਰਹੇ ਸਨ।
ਇੱਥੇ ਵਰਨਣਯੋਗ ਹੈ ਕਿ ਭਾਰਤੀ ਕਰੰਸੀ ਦੇ ਮੁਕਾਬਲੇ ਪਾਕਿਸਤਾਨ ਦਾ ਇੱਕ ਰੁਪਿਆ ਭਾਰਤ ਦੇ ਸਿਰਫ਼ 43 ਪੈਸੇ ਦੇ ਬਰਾਬਰ ਹੈ। ਇਸੇ ਲਈ 100 ਭਾਰਤੀ ਰੁਪਏ ਦੇ 231 ਪਾਕਿਸਤਾਨੀ ਰੁਪਏ ਬਣਦੇ ਹਨ।
ਇਸ ਤੋਂ ਇਲਾਵਾ ਪ੍ਰਸਾਦ ਲਈ ਵੀ ਪਾਕਿਸਤਾਨੀਆਂ ਨੇ ਵੱਧ ਪੈਸੇ ਵਸੂਲ ਕੀਤੇ। ਇੱਥੇ ਇਹ ਵੀ ਦੱਸਣਾ ਯੋਗ ਹੋਵੇਗਾ ਕਿ ਭਾਰਤ ਦਾ 2,000 ਰੁਪਏ ਦਾ ਨੋਟ ਦੇਣਾ ਪਾਕਿਸਤਾਨ ਵਿੱਚ ਇੱਕ ਬਹੁਤ ਹੀ ਵੱਡਾ ਤੋਹਫ਼ਾ ਹੈ।