ਪਾਕਿਸਤਾਨੀ ਮੂਲ ਦੇ ਇਕ ਡਾਕਟਰ ਉੱਤੇ ਅਮਰੀਕੀ ਫੈਡਰਲ ਗ੍ਰੈਂਡ ਜਿਓਰੀ ਵੱਲੋਂ ਇਸਲਾਮਿਕ ਸਟੇਟ ਅੱਤਵਾਦੀ ਸੰਗਠਨ ਪ੍ਰਤੀ ਵਫ਼ਾਦਾਰੀ ਨਿਭਾਉਣ ਦਾ ਵਾਅਦਾ ਕਰਨ ਅਤੇ ਅਮਰੀਕਾ ਵਿੱਚ ਸੁਤੰਤਰ ਤੌਰ 'ਤੇ ਅੱਤਵਾਦੀ ਹਮਲੇ ਕਰਨ ਦੀ ਆਪਣੀ ਇੱਛਾ ਪ੍ਰਗਟ ਕਰਨ ਲਈ ਦੋਸ਼ ਤੈਅ ਕੀਤੇ ਹੈ। ਦੋਸ਼ੀ ਅਨੁਸਾਰ, ਮੁਹੰਮਦ ਮਸੂਦ (28), ਪਾਕਿਸਤਾਨ ਦਾ ਲਾਇਸੰਸਸ਼ੁਦਾ ਮੈਡੀਕਲ ਡਾਕਟਰ, ਪਹਿਲਾਂ ਐਚ 1 ਬੀ ਵੀਜ਼ਾ ਤਹਿਤ ਰੋਚੇਸਟਰ, ਮਿਨੇਸੋਟਾ ਦੇ ਇੱਕ ਮੈਡੀਕਲ ਕਲੀਨਿਕ ਵਿੱਚ ਖੋਜ ਕੋਆਰਡੀਨੇਟਰ ਵਜੋਂ ਕੰਮ ਕਰਦਾ ਸੀ।
ਸ਼ੁੱਕਰਵਾਰ ਨੂੰ ਮਸੂਦ ਵਿਰੁਧ ਦੋਸ਼ ਲਾਉਣ ਦਾ ਐਲਾਨ ਅਮਰੀਕੀ ਅਟਾਰਨੀ ਐਰਿਕਾ ਮੈਕਡੋਨਾਲਡ ਨੇ ਕੀਤੀ। ਮਸੂਦ ਨੂੰ ਮੁਢਲੇ ਤੌਰ 'ਤੇ ਇਕ ਅਪਰਾਧਿਕ ਕੇਸ ਦੇ ਸੰਬੰਧ ਵਿੱਚ ਚਾਰਜ ਕੀਤਾ ਗਿਆ ਸੀ ਅਤੇ 19 ਮਾਰਚ ਨੂੰ ਮਿਨੀਆਪੋਲਿਸ-ਸੇਂਟ ਪੌਲ ਇੰਟਰਨੈਸ਼ਨਲ ਏਅਰਪੋਰਟ 'ਤੇ ਗ੍ਰਿਫ਼ਤਾਰ ਕੀਤੇ ਜਾਣ ਤੋਂ ਬਾਅਦ ਉਹ ਹਿਰਾਸਤ ਵਿੱਚ ਸੀ।
ਇਸ ਸਾਲ ਜਨਵਰੀ ਅਤੇ ਮਾਰਚ ਦੇ ਵਿਚਕਾਰ, ਉਸਨੇ ਕਈ ਹੋਰ ਬਿਆਨ ਦਿੱਤੇ ਜਿਸ ਵਿੱਚ ਉਸਨੇ ਇਰਾਕ ਵਿੱਚ ਇਸਲਾਮਿਕ ਸਟੇਟ ਅਤੇ ਅਲ ਸ਼ਾਮ (ਆਈਐਸਆਈਐਸ) ਅਤੇ ਉਸ ਦੇ ਨੇਤਾਵਾਂ ਪ੍ਰਤੀ ਵਫ਼ਾਦਾਰੀ ਲਈ ਸੀਰੀਆ ਜਾਣ ਦੀ ਆਪਣੀ ਇੱਛਾ ਦੀ ਗੱਲ ਕੀਤੀ।
ਅਦਾਲਤ ਦੇ ਦਸਤਾਵੇਜ਼ਾਂ ਅਨੁਸਾਰ, ਮਸੂਦ ਨੇ ਅਮਰੀਕਾ ਵਿੱਚ 'ਸੁਤੰਤਰ ਤੌਰ 'ਤੇ ਅੱਤਵਾਦੀ ਹਮਲੇ ਕਰਨ ਦੀ ਇੱਛਾ ਵੀ ਜ਼ਾਹਰ ਕੀਤੀ। ਇਸ ਸਾਲ 16 ਮਾਰਚ ਨੂੰ ਮਸੂਦ ਦੀ ਯਾਤਰਾ ਦੀ ਯੋਜਨਾ ਇਸ ਲਈ ਬਦਲ ਗਈ ਕਿਉਂਕਿ ਜਾਰਡਨ ਨੇ ਕੋਰੋਨਾ ਵਾਇਰਸ ਗਲੋਬਲ ਮਹਾਂਮਾਰੀ ਦੇ ਮੱਦੇਨਜ਼ਰ ਅੰਤਰਰਾਸ਼ਟਰੀ ਪਹੁੰਚ ਲਈ ਆਪਣੀਆਂ ਸਰਹੱਦਾਂ ਨੂੰ ਬੰਦ ਕਰ ਦਿੱਤਾ ਸੀ।
ਫਿਰ ਉਸ ਨੇ ਮਿਨੀਆਪੋਲਿਸ ਤੋਂ ਲਾਸ ਏਂਜਲਸ ਜਾਣ ਦੀ ਯੋਜਨਾ ਬਣਾਈ ਜਿੱਥੇ ਉਹ ਉਸ ਆਦਮੀ ਨੂੰ ਮਿਲਣ ਵਾਲਾ ਸੀ ਜੋ ਉਸ ਨੂੰ ਮਾਲ ਦੇ ਸਮੁੰਦਰੀ ਜ਼ਹਾਜ਼ ਰਾਹੀਂ ਆਈਐਸਆਈਐਸ ਦੇ ਖੇਤਰ ਵਿੱਚ ਲਿਜਾਣ ਵਿੱਚ ਸਹਾਇਤਾ ਕਰਦਾ। ਉਹ 19 ਮਾਰਚ ਨੂੰ ਰੋਚੇਸਟਰ ਤੋਂ ਮਿਨੀਆਪੋਲਿਸ ਪਹੁੰਚਿਆ, ਜਿੱਥੋਂ ਉਹ ਲਾਸ ਏਂਜਲਸ ਲਈ ਜਹਾਜ਼ ਵਿੱਚ ਚੜ੍ਹਦਾ ਪਰ ਐਫਬੀਆਈ ਦੀ ਸਾਂਝੀ ਅੱਤਵਾਦ ਟਾਸਕ ਫੋਰਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ।