ਲਹਿੰਦੇ (ਪਾਕਿਸਤਾਨੀ) ਪੰਜਾਬ ਦੇ ਸੂਚਨਾ ਤੇ ਸਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਫ਼ੈਯਾਜ਼ਉਲ ਹਸਨ ਚੌਹਾਨ ਨੂੰ ਮੰਤਰੀ ਦੇ ਅਹੁਦੇ ਤੋਂ ਲਾਂਭੇ ਕਰ ਦਿੱਤਾ ਗਿਆ ਹੈ। ਇਸੇ ਮੰਤਰੀ ਨੇ ਬੀਤੇ ਦਿਨੀਂ ਸਮੁੱਚੇ ਹਿੰਦੂ ਭਾਈਚਾਰੇ ਬਾਰੇ ਅਪਮਾਨਜਨਕ ਟਿੱਪਣੀਆਂ ਕੀਤੀਆਂ ਸਨ। ਮੰਤਰੀ ਦਾ ਅਸਤੀਫ਼ਾ ਮੁੱਖ ਮੰਤਰੀ ਉਸਮਾਨ ਬਜ਼ਦਾਰ ਨੇ ਪ੍ਰਵਾਨ ਕਰ ਲਿਆ ਹੈ।
ਇਹ ਜਾਣਕਾਰੀ ਪਾਕਿਸਤਾਨ ਤਹਿਰੀਕੇ ਇਨਸਾਫ਼ ਪਾਰਟੀ ਦੇ ਅਧਿਕਾਰਤ ਟਵਿਟਰ ਹੈਂਡਲ ਉੱਤੇ ਦਿੱਤੀ ਗਈ।
ਉਸ ਸੁਨੇਹੇ ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ ਫ਼ੈਯਾਜ਼ ਚੌਹਾਨ ਨੂੰ ਹਿੰਦੂ ਭਾਈਚਾਰੇ ਬਾਰੇ ਅਪਮਾਨਜਨਕ ਟਿੱਪਣੀਆਂ ਲਈ ਹੀ ਅਹੁਦੇ ਤੋਂ ਲਾਂਭੇ ਕੀਤਾ ਗਿਆ ਹੈ। ਇੱਥੇ ਵਰਨਣਯੋਗ ਹੈ ਕਿ ਚੌਹਾਨ ਨੂੰ ਪਾਕਿਸਤਾਨ ਤਹਿਰੀਕੇ ਇਨਸਾਫ਼ ਪਾਰਟੀ ਦਾ ਅੱਗ ਉਗਲਣ ਵਾਲਾ ਆਗੂ ਮੰਨਿਆ ਜਾਂਦਾ ਹੈ। ਉਸ ਨੇ ਇਹ ਟਿੱਪਣੀਆਂ ਬੀਤੀ 14 ਫ਼ਰਵਰੀ ਨੂੰ ਪੁਲਵਾਮਾ (ਕਸ਼ਮੀਰ) ਵਿੱਚ ਸੀਆਰਪੀਐੱਫ਼ ਦੇ 40 ਜਵਾਨਾਂ ਦੀ ਸ਼ਹਾਦਤ ਤੋਂ ਬਾਅਦ ਭਾਰਤ ਦੇ ਬਿਆਨਾਂ ਤੋਂ ਬਾਅਦ ਕੀਤੀਆਂ ਸਨ।
ਸੋਮਵਾਰ ਨੂੰ ਚੌਹਾਨ ਦੇ ਇਤਰਾਜ਼ਯੋਗ ਬਿਆਨ ਦੀ ਵਿਡੀਓ ਵਾਇਰਲ ਹੋ ਗਈ ਸੀ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਵੀ ਚੌਹਾਨ ਦੀਆਂ ਟਿੱਪਣੀਆਂ ਦਾ ਨੋਟਿਸ ਲਿਆ ਸੀ। ਚੌਹਾਨ ਨੂੰ ਅਹੁਦੇ ਤੋਂ ਬਰਤਰਫ਼ ਕਰਨ ਤੋਂ ਬਾਅਦ ਸਿਆਸੀ ਮਾਮਲਿਆਂ ਬਾਰੇ ਸਪੈਸ਼ਲ ਅਸਿਸਟੈਂਟ ਨਈਮੁਲ ਹੱਕ ਨੇ ਦੱਸਿਆ ਕਿ ਉਨ੍ਹਾਂ ਦੀ ‘ਪਾਕਿਸਤਾਨ ਤਹਿਰੀਕੇ ਇਨਸਾਫ਼ ਪਾਰਟੀ ਸਰਕਾਰ ਦੇ ਕਿਸੇ ਮੈਂਬਰ ਦੀ ਅਜਿਹੀ ਬਕਵਾਸ ਕਦੇ ਬਰਦਾਸ਼ਤ ਨਹੀਂ ਕਰੇਗੀ। ਮੁੱਖ ਮੰਤਰੀ ਨਾਲ ਸਲਾਹ–ਮਸ਼ਵਰੇ ਤੋਂ ਬਾਅਦ ਕਾਰਵਾਈ ਵੀ ਹੋਵੇਗੀ।‘