ਪਾਕਿਸਤਾਨ ਦੀ ਨਵੀਂ ਬਣੀ ਇਮਰਾਨ ਖ਼ਾਨ ਸਰਕਾਰ ਦਾ ਚਿਹਰਾ ਇੱਕ ਵਾਰ ਫਿਰ ਬੇਨਕਾਬ ਹੋ ਗਿਆ ਹੈ ਜਿਸ ਕਾਰਨ ਹੁਣ ਪਾਕਿ ਸਰਕਾਰ ਨੂੰ ਆਲਮੀ ਪੱਧਰ ਤੇ ਜਵਾਬ ਦੇਣਾ ਔਖਾ ਜਾਪ ਰਿਹਾ ਹੈ।
ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਆਪਣੇ ਮੰਤਰੀ ਮੰਡਲ ਦੇ ਇੱਕ ਮੈਂਬਰ ਨੂਰਉਲਹਕ ਕਾਦਰੀ ਦੁਆਰਾ ਇਸ ਹਫਤੇ ਕੀਤੀ ਗਈ ਗਲਤੀ ਨੂੰ ਮੰਨਦਿਆਂ ਕਿਹਾ ਕਿ ਨੂਰਉਲਹਕ ਨੇ ਸਾਲ 2008 ਚ ਮੁੰਬਈ ਹਮਲਿਆਂ ਦੇ ਮਾਸਟਰ ਮਾਇੰਡ ਹਾਫਿਜ਼ ਸਈਦ ਨਾਲ ਇਸ ਹਫਤੇ ਇੱਕ ਸਮਾਗਮ ਦੌਰਾਨ ਮੰਚ ਸਾਂਝਾ ਕੀਤਾ ਜਿਸਦਾ ਉਹ ਜਵਾਬ ਦੇਣ।
ਕੁਰੈਸ਼ੀ ਨੇ ਇਸ ਘਟਨਾ ਨੂੰ ਬੇਹੱਦ ਸੰਵੇਦਨਸ਼ੀਲ ਕਰਾਰ ਦਿੰਦਿਆਂ ਕਿਹਾ ਕਿ ਨੂਰਉਲਹਕ ਕਾਦਰੀ ਨੂੰ ਅਜਿਹੀਆਂ ਗਲਤੀਆਂ ਬੱਚਣਾ ਚਾਹੀਦਾ ਹੈ।
ਪਾਕਿਸਤਾਨ ਦੇ ਧਾਰਮਿਕ ਮਾਮਲਿਆਂ ਦੇ ਮੰਤਰੀ ਕਾਦਰੀ ਦੇ ਇਸਲਾਮਾਬਾਦ ਚ ਇੱਕ ਸਮਾਗਮ ਚ ਲਸ਼ਕਰ ਏ ਤੋਇਬਾ ਦੇ ਸਰਗਨਾ ਹਾਫਿਜ਼ ਸਈਦ ਨਾਲ ਮੰਚ ਸਾਂਝਾ ਕਰਨ ਬਾਰੇ ਜਦੋਂ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ, ਮੈਂ ਪਾਕਿਸਤਾਨ ਵਾਪਸ ਜਾਵਾਂਗਾ ਅਤੇ ਪੱਕੇ ਤੌਰ ਤੇ ਕਾਦਰੀ ਸਾਬ ਨੂੰ ਪੁੱਛਾਂਗਾ ਕਿ ਉਨ੍ਹਾਂ ਨੇ ਅਜਿਹਾ ਕਿਉਂ ਕੀਤਾ। ਹਾਲਾਂਕਿ ਮੈਨੂੰ ਦੱਸਿਆ ਗਿਆ ਹੈ ਕਿ ਉਹ ਕਸ਼ਮੀਰ ਚ ਹਾਲਾਤਾਂ ਸਬੰਧੀ ਰੱਖੇ ਗਏ ਇੱਕ ਸਮਾਗਮ ਚ ਮੌਜੂਦ ਸਨ।'
ਕੂਰੈਸ਼ੀ ਨੇ ਅੱਗੇ ਜਵਾਬ ਗੋਲਮੋਲ ਕਰਦਿਆਂ ਕਿਹਾ, ਮੈਨੂੰ ਲੱਗਦਾ ਹੈ ਕਿ ਕਾਦਰੀ ਨੂੰ ਵਾਧੂ ਸੰਵੇਦਨਸ਼ੀਲ ਹੋਣਾ ਚਾਹੀਦਾ ਸੀ ਪਰ ਇਸਦਾ ਮਤਲਬ ਇਹ ਨਹੀਂ ਸੀ ਕਿ ਉਹ ਸਈਦ ਦੇ ਵਿਚਾਰ ਨਾਲ ਸਹਿਮਤੀ ਰੱਖਦੇ ਹਨ।
ਕੁਰੈਸੀ਼ ਨੇ ਪੱਖ ਰੱਖਦਿਆਂ ਕਿਹਾ ਕਿ ਪਾਕਿਸਤਾਨ ਅੱਤਵਾਦ ਖਿਲਾਫ ਜੰਗ ਲੜਨ ਚ ਗੰਪੀਰ ਹੈ। ਅਸੀਂ ਅੱਤਵਾਦ ਅੱਗੇ ਗੋਢੇ ਨਹੀਂ ਟੇਕ ਸਕਦੇ। ਸਾਨੂੰ ਅੱਤਵਾਦ ਦਾ ਮੁਕਾਬਲਾ ਕਰਨਾ ਹੋਵੇਗਾ ਅਤੇ ਇਲਾਕਿਆਂ ਤੋਂ ਖਦੇੜਨਾ ਹੋਵੇਗਾ। ਅਸੀਂ ਸਫਲਤਾਪੂਰਕ ਇਹ ਕਦਮ ਚੁੱਕਿਆ ਹੈ ਜਿਸ ਨਾਲ ਕਾਫੀ ਹੱਦ ਤੱਕ ਹਾਲਾਤ ਬਦਲੇ ਹਨ ਅਤੇ ਇਹ ਕੰਮ ਅੱਗੇ ਵੀ ਜਾਰੀ ਹੈ।
ਦੱਸਣਯੋਗ ਹੈ ਕਿ ਕਾਦਰੀ ਇਸਲਾਮਾਬਾਦ ਚ ਐਤਵਾਰ ਨੂੰ ਦਿਫਾ ਏ ਪਾਕਿਸਤਾਨ ਕਾਊਂਸਲ ਦੁਆਰਾ ਕਰਵਾਏ ਸਰਬਦਲੀ ਸੰਮੇਲਨ ਚ ਸਈਦ ਦੇ ਬਿਲਕੁਲ ਨਾਲ ਬੈਠੇ ਦਿਖਾਈ ਦਿੱਤੇ ਸਨ। ਦਿਫਾ ਏ ਪਾਕਿਸਤਾਨ ਕਾਊਂਸਲ 40 ਤੋਂ ਵੱਧ ਪਾਕਿਸਤਾਨੀ ਸਿਆਸੀ ਪਾਰਟੀਆਂ ਅਤੇ ਧਾਰਮਿਕ ਦਲਾਂ ਦਾ ਗਠਜੋੜ ਹੈ ਜੋ ਕਿ ਰੂੜੀਵਾਦੀ ਨੀਤੀਆਂ ਦੀ ਪੈਰਵੀ ਕਰਦਾ ਹੈ। ਕਾਦਰੀ ਦੀ ਸਈਦ ਨਾਲ ਸਮਾਗਮ ਚ ਮੌਜੂਦਗੀ ਭਾਰਤ ਦੇ ਇਸ ਪੱਖ ਦੀ ਪੁਸ਼ਟੀ ਕਰਦਾ ਹੈ ਕਿ ਅਗਸਤ ਚ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਅਹੁਦਾ ਸਾਂਭਣ ਮਗਰੋਂ ਵੀ ਅੱਤਵਾਦ ਨੂੰ ਲੈ ਕੇ ਪਾਕਿਸਤਾਨ ਦੇ ਰਵੱਈਏ ਚ ਕੋਈ ਬਦਲਾਅ ਨਹੀਂ ਆਇਆ ਹੈ।