ਗਾਜਾ ਵਿੱਚ ਫਲਸਤੀਨੀ ਨੇਤਾ ਸੋਮਵਾਰ ਸਵੇਰੇ ਇਜ਼ਰਾਇਲ ਨਾਲ ਜੰਗਬੰਦੀ ਲਈ ਸਹਿਮਤ ਹੋ ਗਿਆ ਹੈ।
ਗਾਜਾ ਪੱਟੀ ਵਿੱਚ ਹਮਾਸ ਨੇ ਇੱਕ ਅਧਿਕਾਰੀ ਅਤੇ ਇਸਲਾਮਿਕ ਜਿਹਾਦ ਦੇ ਇੱਕ ਹੋਰ ਅਧਿਕਾਰੀ ਨੇ ਆਪਣੀ ਪਛਾਣ ਗੁਪਤ ਰੱਖਣ ਦੀ ਸ਼ਰਤ ਉੱਤੇ ਦੱਸਿਆ ਕਿ ਮਿਸਰ ਦੀ ਵਿਚੋਲਗੀ ਵਿੱਚ ਦੋਹਾਂ ਦੁਸ਼ਮਣਾਂ ਵਿਚਕਾਰ ਜੰਗਬੰਦੀ ਲਈ ਸਥਾਨਕ ਸਮੇਂ ਅਨੁਸਾਰ ਸਵੇਰੇ ਸਾਢੇ ਚਾਰ ਵਜੇ ਸਮਝੌਤਾ ਹੋਇਆ। ਮਿਸਰ ਦੇ ਇੱਕ ਅਧਿਕਾਰੀ ਨੇ ਵੀ ਪਛਾਣ ਗੁਪਤ ਰੱਖਣ ਦੀ ਸ਼ਰਤ ਉੱਤੇ ਇਸ ਖ਼ਬਰ ਦੀ ਪੁਸ਼ਟੀ ਕੀਤੀ।
ਇਸ ਵਿਚਕਾਰ, ਇਜ਼ਰਾਇਲ ਹਮਲਿਆਂ ਵਿੱਚ ਮਰਨ ਵਾਲੇ ਫਲਸਤੀਨੀਆਂ ਦੀ ਗਿਣਤੀ ਵੱਧ ਕੇ 22 ਹੋ ਗਈ ਹੈ। ਇਨ੍ਹਾਂ ਵਿੱਚ ਦੋ ਗਰਭਵਤੀ ਮਹਿਲਾਵਾਂ ਅਤੇ ਦੋ ਬੱਚੇ ਵੀ ਸ਼ਾਮਲ ਹਨ।
ਜ਼ਿਕਰਯੋਗ ਹੈ ਕਿ ਗਾਜਾ ਤੋਂ ਐਤਵਾਰ ਸਵੇਰੇ ਇਜ਼ਰਾਇਲ ਉੱਤੇ ਰਾਕੇਟ ਸੁੱਟੇ ਗਏ ਸਨ ਜਿਸ ਦੇ ਜਵਾਬ ਵਿੱਚ ਇਜ਼ਰਾਇਲ ਨੇ ਗਾਜਾ ਪੱਟੀ ਉੱਤੇ ਹਵਾਈ ਹਮਲੇ ਕੀਤੇ ਸਨ। ਇਸੇ ਨਾਲ ਦੋਹਾਂ ਪੱਖਾਂ ਵਿਚਕਾਰ ਤਣਾਅ ਬਹੁਤ ਜ਼ਿਆਦਾ ਵੱਧ ਗਿਆ ਸੀ।