ਪਾਕਿਸਤਾਨ ’ਚ ਧਾਰਮਿਕ ਆਜ਼ਾਦੀ ਦੀ ਹਾਲਤ ਲਗਾਤਾਰ ਖ਼ਰਾਬ ਹੁੰਦੀ ਜਾ ਰਹੀ ਹੈ। ਕੱਟੜਪੰਥੀ ਵਿਚਾਰਧਾਰਾ ਕਾਰਨ ਉੱਥੇ ਹਿੰਦੂਆਂ ਤੇ ਈਸਾਈਆਂ ਸਮੇਤ ਹੋਰ ਘੱਟ–ਗਿਣਤੀਆਂ ਦੇ ਲੋਕ ਸੁਰੱਖਿਅਤ ਨਹੀਂ ਹਨ। ਇਹ ਪ੍ਰਗਟਾਵਾ ਸੰਯੁਕਤ ਰਾਸ਼ਟਰ (UNO) ਦੀ ਇੱਕ ਤਾਜ਼ਾ ਰਿਪੋਰਟ ’ਚ ਕੀਤਾ ਗਿਆ ਹੈ।
ਪਾਕਿਸਤਾਨ ਚ ਇਮਰਾਨ ਖ਼ਾਨ ਦੇ ਸੱਤਾ ’ਚ ਆਉਣ ਤੋਂ ਬਾਅਦ ਘੱਟ–ਗਿਣਤੀਆਂ ਉੱਤੇ ਤਸ਼ੱਦਦ ਢਾਹੇ ਜਾਣ ਦੇ ਮਾਮਲੇ ਵਧ ਗਏ ਹਨ। ਸੰਯੁਕਤ ਰਾਸ਼ਟਰ ’ਚ ਔਰਤਾਂ ਦੀ ਹਾਲਤ ਬਾਰੇ ਕਮਿਸ਼ਨ (CSW) ਨੇ ‘ਪਾਕਿਸਤਾਨ: ਧਾਰਮਿਕ ਆਜ਼ਾਦੀ ’ਤੇ ਹਮਲਾ’ ਸਿਰਲੇਖ ਅਧੀਨ ਇੱਕ ਰਿਪੋਰਟ ਜਾਰੀ ਕੀਤੀ ਹੈ।
47 ਪੰਨਿਆਂ ਦੀ ਇਸ ਰਿਪੋਰਟ ਮੁਤਾਬਕ ਪਾਕਿਸਤਾਨ ’ਚ ਇਮਰਾਨ ਖ਼ਾਨ ਸਰਕਾਰ ਘੱਟ–ਗਿਣਤੀਆਂ ਉੱਤੇ ਹਮਲੇ ਲਈ ਕੱਟੜਪੰਥੀ ਵਿਚਾਰਾਂ ਨੂੰ ਹੱਲਾਸ਼ੇਰੀ ਦੇ ਰਹੀ ਹੈ।
ਘੱਟ–ਗਿਣਛੀਆਂ ਖ਼ਾਸ ਕਰ ਕੇ ਹਿੰਦੂ ਤੇ ਈਸਾਈ ਭਾਈਚਾਰੇ ਸਭ ਤੋਂ ਜ਼ਿਆਦਾ ਖ਼ਤਰੇ ’ਚ ਹਨ। ਹਰ ਸਾਲ ਇਨ੍ਹਾਂ ਦੋਵੇਂ ਭਾਈਚਾਰਿਆਂ ਦੀਆਂ ਸੈਂਕੜੇ ਔਰਤਾਂ ਤੇ ਧੀਆਂ ਨੂੰ ਅਗ਼ਵਾ ਕਰ ਕੇ ਜਬਰੀ ਧਰਮ–ਪਰਿਵਰਤਨ ਕਰਵਾਇਆ ਜਾਂਦਾ ਹੈ। ਉਨ੍ਹਾਂ ਨੂੰ ਮੁਸਲਿਮ ਮਰਦਾਂ ਨਾਲ ਵਿਆਹ ਕਰਵਾਉਣ ਲਈ ਮਜਬੂਰ ਕੀਤਾ ਜਾਂਦਾ ਹੈ।
ਮੁਸਲਿਮ ਨੌਜਵਾਨਾਂ ਨਾਲ ਵਿਆਹ ਹੋਣ ਤੋਂ ਬਾਅਦ ਅਗ਼ਵਾਕਾਰਾਂ ਵੱਲੋਂ ਦਿੱਤੀਆਂ ਗਈਆਂ ਗੰਭੀਰ ਧਮਕੀਆਂ ਕਾਰਨ ਪੀੜਤ ਔਰਤਾਂ ਦੇ ਪਰਿਵਾਰ ਕੋਲ ਪਰਤਣ ਦੀ ਕੋਈ ਆਸ ਨਹੀਂ ਹੁੰਦੀ। ਹਿੰਦੂ ਕੁੜੀਆਂ ਤੇ ਔਰਤਾਂ ਨੂੰ ਜਾਣ–ਬੁੱਝ ਕੇ ਨਿਸ਼ਾਨਾ ਬਣਾਇਆ ਜਾਂਦਾ ਹੈ ਕਿ ਉਹ ਕੁਝ ਅਮੀਰ ਹੁੰਦੀਆਂ ਹਨ ਤੇ ਪੜ੍ਹੀਆਂ–ਲਿਖੀਆਂ ਵੀ ਹੁੰਦੀਆਂ ਹਨ।
CSW ਦੇ ਅਧਿਕਾਰੀਆਂ ਨੇ ਘੱਟ–ਗਿਣਤੀਆਂ ਦੇ ਬੱਚਿਆਂ ਦਾ ਇੰਟਰਵਿਊ ਲਿਆ। ਬੱਚਿਆਂ ਨੇ ਮੰਨਿਆ ਕਿ ਉਨ੍ਹਾਂ ਨੂੰ ਅਧਿਆਪਕਾਂ ਤੇ ਸਹਿਪਾਠੀਆਂ ਵੱਲੋਂ ਅਪਮਾਨਿਤ ਕੀਤਾ ਜਾਂਦਾ ਹੈ।
ਪ੍ਰਾਪਤ ਜਾਣਕਾਰੀ ਮੁਤਾਬਕ 1,000 ਤੋਂ ਵੱਧ ਕੁੜੀਆਂ ਨੂੰ ਹਰ ਸਾਲ ਅਗ਼ਵਾ ਕਰ ਕੇ ਉਨ੍ਹਾਂ ਦੇ ਧਰਮ–ਪਰਿਵਰਤਨ ਕਰ ਦਿੱਤੇ ਜਾਂਦੇ ਹਨ। 20–25 ਅਜਿਹੀਆਂ ਘਟਨਾਵਾਂ ਹਰ ਮਹੀਨੇ ਵਾਪਰਦੀਆਂ ਹਨ; ਜਿਨ੍ਹਾਂ ਵਿੱਚੋਂ ਜ਼ਿਆਦਾਤਰ 16 ਸਾਲ ਦੀ ਬੱਚੀਆਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ।