ਫ਼ਿਲੀਪੀਨਜ਼ ਦੇ ਰਾਸ਼ਟਰਪਤੀ ਰੋਡ੍ਰਿਗੋ ਦੁਤੇਰਤੇ ਨੇ ਲੌਕਡਾਊਨ ਦੀ ਉਲੰਘਣਾ ਕਰਨ ਵਾਲਿਆਂ ਨੂੰ ਗੋਲੀ ਮਾਰਨ ਦੇ ਆਦੇਸ਼ ਦਿੱਤੇ ਹਨ। ਦੁਤੇਰਤੇ ਨੇ ਸੁਰੱਖਿਆ ਬਲਾਂ ਅਤੇ ਪੁਲਿਸ ਨੂੰ ਕਿਹਾ ਹੈ ਕਿ ਕੋਰੋਨਾ ਵਾਇਰਸ ਦੇ ਖ਼ਤਰੇ ਨੂੰ ਵੇਖਦੇ ਹੋਏ ਲੌਕਡਾਊਨ ਦੀ ਉਲੰਘਣਾ ਕਰਨ ਵਾਲਿਆਂ ਨੂੰ ਗੋਲੀ ਮਾਰ ਦਿੱਤੀ ਜਾਵੇ।
ਦੁਤੇਰਤੇ ਨੇ ਕਿਹਾ, "ਇਹ ਪੂਰੇ ਦੇਸ਼ ਲਈ ਚਿਤਾਵਨੀ ਹੈ। ਇਸ ਸਮੇਂ ਸਰਕਾਰ ਦੇ ਆਦੇਸ਼ਾਂ ਦੀ ਪਾਲਣਾ ਕਰੋ ਅਤੇ ਕਿਸੇ ਵੀ ਡਾਕਟਰ ਨੂੰ ਨੁਕਸਾਨ ਨਾ ਪਹੁੰਚਾਉ। ਮੈਂ ਪੁਲਿਸ ਅਤੇ ਸੁਰੱਖਿਆ ਬਲਾਂ ਨੂੰ ਹੁਕਮ ਦਿੰਦਾ ਹਾਂ ਕਿ ਜੋ ਲੌਕਡਾਊਨ 'ਚ ਮੁਸ਼ਕਲ ਪੈਦਾ ਕਰੇ, ਉਸ ਨੂੰ ਗੋਲੀ ਮਾਰ ਦਿਓ।"
ਕੋਰੋਨਾ ਵਾਇਰਸ ਦੁਨੀਆ ਭਰ 'ਚ ਫੈਲ ਗਿਆ ਹੈ। ਇਸ ਨਾਲ ਨਜਿੱਠਣ ਲਈ ਲਗਭਗ ਸਾਰੇ ਦੇਸ਼ ਲੌਕਡਾਊਨ ਨੂੰ ਅਪਣਾ ਰਹੇ ਹਨ। ਇਸ ਦੇ ਨਾਲ ਹੀ ਲੌਕਡਾਊਨ ਦੌਰਾਨ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਵੀ ਸਾਹਮਣੇ ਆ ਰਹੀਆਂ ਹਨ। ਜਿਵੇਂ-ਜਿਵੇਂ ਕੋਰੋਨਾ ਦਾ ਖ਼ਤਰਾ ਵੱਧ ਰਿਹਾ ਹੈ, ਸਰਕਾਰਾਂ ਦਾ ਰਵੱਈਆ ਵੀ ਸਖ਼ਤ ਹੁੰਦਾ ਜਾ ਰਿਹਾ ਹੈ। ਫ਼ਿਲੀਪੀਨਜ਼ 'ਚ ਹੁਣ ਤਕ 2,311 ਲੋਕਾਂ ਨੂੰ ਕੋਵਿਡ-19 ਦੀ ਪੁਸ਼ਟੀ ਹੋ ਚੁੱਕੀ ਹੈ। ਇਨ੍ਹਾਂ 'ਚੋਂ 96 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 50 ਲੋਕ ਠੀਕ ਹੋ ਚੁੱਕੇ ਹਨ।
ਕੋਰੋਨਾ ਵਾਇਰਸ ਦੀ ਲਾਗ ਵਿਸ਼ਵ ਦੇ ਬਾਕੀ ਦੇਸ਼ਾਂ 'ਚ ਵੀ ਬਹੁਤ ਤੇਜ਼ੀ ਨਾਲ ਫੈਲ ਰਹੀ ਹੈ। ਦੁਨੀਆ ਦੇ ਲਗਭਗ ਸਾਰੇ ਦੇਸ਼ ਇਸ ਮਹਾਂਮਾਰੀ ਦੀ ਲਪੇਟ 'ਚ ਹਨ। ਦੁਨੀਆ 'ਚ ਇਸ ਵਾਇਰਸ ਨਾਲ ਪ੍ਰਭਾਵਿਤ ਲੋਕਾਂ ਦੀ ਗਿਣਤੀ ਹੁਣ ਤਕ 9,38,348 ਹੋ ਗਈ ਹੈ ਅਤੇ 47,286 ਲੋਕਾਂ ਦੀ ਮੌਤ ਹੋ ਚੁੱਕੀ ਹੈ।