ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੰਯੁਕਤ ਰਾਸ਼ਟਰ ਦੇ 74ਵੇਂ ਆਮ ਇਜਲਾਸ ਨੂੰ ਅੱਜ ਸ਼ੁੱਕਰਵਾਰ ਸ਼ਾਮੀਂ 8:15 ਵਜੇ ਸੰਬੋਧਨ ਕਰਨਗੇ ਤੇ ਉਸ ਤੋਂ ਲਗਭਗ ਇੱਕ–ਡੇਢ ਘੰਟੇ ਬਾਅਦ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦਾ ਭਾਸ਼ਣ ਵੀ ਹੋਵੇਗਾ।
ਸ੍ਰੀ ਮੋਦੀ ਦੁਨੀਆ ਨੂੰ ਜੰਮੂ–ਕਸ਼ਮੀਰ ਉੱਤੇ ਲਏ ਸਰਕਾਰ ਦੇ ਫ਼ੈਸਲਿਆਂ ਦੀਆਂ ਜ਼ਰੂਰਾਂ ਬਾਰੇ ਦੱਸਣਗੇ ਤੇ ਅੱਤਵਾਦ ਵਿਰੁੱਧ ਦੁਨੀਆ ਨੂੰ ਇੱਕਜੁਟ ਹੋਣ ਦਾ ਸੱਦਾ ਦੇਣਗੇ।
ਜੰਮੂ–ਕਸ਼ਮੀਰ ’ਚੋਂ ਧਾਰਾ–370 ਹਟਣ ਤੋਂ ਬਾਅਦ ਕੌਮਾਂਤਰੀ ਮੰਚਾਂ ਉੱਤੇ ਭਾਰਤ–ਵਿਰੋਧੀ ਮਾਹੌਲ ਬਣਾਉਣ ਦੀਆਂ ਸਾਰੀਆਂ ਨਾਕਾਮ ਕੋਸ਼ਿਸ਼ਾਂ ਦੇ ਬਾਅਦ ਇੱਕ ਵਾਰ ਫਿਰ ਇਮਰਾਨ ਖ਼ਾਨ ਅੱਜ ਫਿਰ UNO ਦੀ ਸਟੇਜ ਤੋਂ ਕਸ਼ਮੀਰ ਬਾਰੇ ਕੁਝ ਬੋਲਣ ਦਾ ਜਤਨ ਕਰਨਗੇ। ਪਰ ਕੌਮਾਂਤਰੀ ਸਿਆਸਤ ਦੇ ਮਾਹਿਰਾਂ ਮੁਤਾਬਕ ਸ੍ਰੀ ਖ਼ਾਨ ਦੇ ਅਜਿਹੇ ਕਿਸੇ ਜਤਨ ਦਾ ਉਨ੍ਹਾਂ ਨੂੰ ਕੋਈ ਫ਼ਾਇਦਾ ਨਹੀਂ ਪੁੱਜੇਗਾ ਕਿਉਂਕਿ ਸੰਯੁਕਤ ਰਾਸ਼ਟਰ ਸਮੇਤ ਦੁਨੀਆ ਦੇ ਸਾਰੇ ਹੀ ਵੱਡੇ ਦੇਸ਼ ਕਸ਼ਮੀਰ ਨੂੰ ਭਾਰਤ ਦਾ ਅੰਦਰੂਨੀ ਮਾਮਲਾ ਦੱਸ ਚੁੱਕੀਆਂ ਹਨ ਤੇ ਇਸ ਵਿੱਚ ਦਖ਼ਲ ਦੇਣ ਤੋਂ ਇਨਕਾਰ ਵੀ ਕਰ ਚੁੱਕੀਆਂ ਹਨ।
ਭਾਰਤੀ ਸਮੇਂ ਮੁਤਾਬਕ ਅੱਜ ਸ਼ਾਮੀਂ ਸਾਢੇ ਛੇ ਵਜੇ ਪ੍ਰੋਗਰਾਮ ਸ਼ੁਰੂ ਹੋਵੇਗਾ। ਭਾਸ਼ਣ ਲਈ ਪ੍ਰਧਾਨ ਮੰਤਰੀ ਸ੍ਰੀ ਮੋਦੀ ਦਾ 7ਵਾਂ ਨੰਬਰ ਹੈ। ਹਰੇਕ ਆਗੂ ਨੂੰ ਭਾਸ਼ਣ ਲਈ 15 ਮਿੰਟ ਮਿਲਣਗੇ। ਪ੍ਰੋਗਰਾਮ ਸ਼ੁਰੂ ਹੋਣ ਦੇ ਲਗਭਗ ਡੇਢ ਕੁ ਘੰਟੇ ਬਾਅਦ ਪ੍ਰਧਾਨ ਮੰਤਰੀ ਸ੍ਰੀ ਮੋਦੀ ਦਾ ਨੰਬਰ ਆਵੇਗਾ। ਸ੍ਰੀ ਮੋਦੀ ਆਪਣੇ ਭਾਸ਼ਣ ਤੋਂ ਅੱਧਾ ਕੁ ਘੰਟਾ ਪਹਿਲਾਂ ਹੀ ਸੰਯੁਕਤ ਰਾਸ਼ਟਰ ਪੁੱਜਣਗੇ। ਇਮਰਾਨ ਖ਼ਾਨ ਦਾ ਭਾਸ਼ਣ 10ਵੇਂ ਨੰਬਰ ਉੱਤੇ ਹੋਵੇਗਾ।
ਇਸ ਦੌਰਾਨ ਭਾਰਤ ਨੇ ਪਾਕਿਸਤਾਨ ਦਾ ਨਾਂਅ ਲਏ ਬਿਨਾ ਅੱਤਵਾਦ ਵਿਰੁੱਧ ਵਿਸ਼ਵ ਜੰਗ ਵਿੱਚ ਅੱਤਵਾਦੀਆਂ ਨੂੰ ਪਨਾਹ ਤੇ ਵਿੱਤੀ ਮਦਦ ਦੇਣ ਵਾਲੇ ਦੇਸ਼ਾਂ ਦੀ ਸ਼ਨਾਖ਼ਤ ਕਰਨ ਉੱਤੇ ਜ਼ੋਰ ਦਿੱਤਾ। ਵਿਦੇਸ਼ ਰਾਜ ਮੰਤਰੀ ਵੀ. ਮੁਰਲੀਧਰਨ ਬੁੱਧਵਾਰ ਨੂੰ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਦੀ ਮੰਤਰੀ ਪੱਧਰ ਦੀ ਬਹਿਸ ਨੂੰ ਸੰਬੋਧਨ ਕਰ ਰਹੇ ਸਨ।
ਉਨ੍ਹਾਂ ਕਿਹਾ ਕਿ ਅੱਤਵਾਦ ਉੱਤੇ ਸ਼ਿਕੰਜਾ ਕੱਸਣ ਲਈ ਉਸ ਨੂੰ ਹੱਲਾਸ਼ੇਰੀ ਦੇਣ ਵਾਲੇ ਦੇਸ਼ਾਂ ਵਿਰੁੱਧ ਠੋਸ ਕਦਮ ਚੁੱਕਣਾ ਤੇ ਉਨ੍ਹਾਂ ਦੀ ਜਵਾਬਦੇਹੀ ਤੈਅ ਕਰਨਾ ਬਹੁਤ ਜ਼ਰੂਰੀ ਹੈ।