ਪਾਕਿਸਤਾਨ ਵਿੱਚ ਘੱਟੋ-ਘੱਟ 500 ਬੱਚੇ ਅਤੇ ਨੌਜਵਾਨਾਂ ਦਾ ਐੱਚਆਈਵੀ ਟੈਸਟ ਪਾਜ਼ੀਟਿਵ ਪਾਇਆ ਗਿਆ ਹੈ। ਇੰਨੀ ਵੱਡੀ ਗਿਣਤੀ ਵਿੱਚ ਬੱਚਿਆਂ ਨੂੰ ਜਾਨਲੇਵਾ ਸੰਕ੍ਰਮਣ ਫੈਲਾਉਣ ਦੀ ਘਟਨਾ ਨੇ ਉਥੇ ਹੰਗਾਮਾ ਖੜਾ ਕਰ ਦਿੱਤਾ ਹੈ।
ਨਿਊਜ਼ ਏਜੰਸੀ ਅਨੁਸਾਰ ਦੱਖਣੀ ਪਾਕਿਸਤਾਨ ਦੇ ਲਰਕਾਨਾ ਜ਼ਿਲ੍ਹੇ ਵਿਚ ਸਭ ਤੋਂ ਵੱਧ ਸੰਕ੍ਰਮਣ ਵਾਲੇ ਮਰੀਜ਼ ਸਾਹਮਣੇ ਆ ਰਹੇ ਹਨ। ਉਨ੍ਹਾਂ ਵਿਚੋਂ ਇਕ ਰਹਿਮਾਨਾ ਬੀਬੀ ਨੇ ਦੱਸਿਆ ਕਿ ਉਨ੍ਹਾਂ ਦੇ 10 ਸਾਲਾ ਬੇਟੇ ਅਲੀ ਰਜ਼ਾ ਨੂੰ ਇਕ ਦਿਨ ਬੁਖ਼ਾਰ ਹੋਇਆ। ਉਹ ਆਪਣੇ ਪੁੱਤਰ ਨੂੰ ਸਥਾਨਕ ਡਾਕਟਰ ਕੋਲ ਲੈ ਗਏ। ਡਾਕਟਰ ਨੇ ਰਜ਼ਾ ਨੂੰ ਪੈਰਾਸੀਟਾਮੋਲ ਸਿਰਪ ਦਿੱਤਾ ਅਤੇ ਕਿਹਾ ਕਿ ਘਬਰਾਉਣ ਦੀ ਲੋੜ ਨਹੀਂ। ਪਰ ਬੀਬੀ ਉਸ ਸਮੇਂ ਘਬਰਾ ਗਈ ਜਦੋਂ ਉਸ ਨੂੰ ਨੇੜਲੇ ਪਿੰਡਾਂ ਵਿੱਚ ਬੁਖ਼ਾਰ ਨਾਲ ਪੀੜਤ ਬੱਚਿਆਂ ਤੋਂ ਬਾਅਦ ਵਿੱਚ ਐੱਚਆਈਵੀ ਹੋਣ ਦਾ ਪਤਾ ਲੱਗਾ।
ਚਿੰਤਤ ਬੀਬੀ ਰਜ਼ਾ ਨੂੰ ਹਸਪਤਾਲ ਲੈ ਗਈ ਜਿੱਥੇ ਜਾਂਚ ਦੌਰਾਨ ਬੱਚਾ ਐੱਚਆਈਵੀ ਪਾਜ਼ੀਟਿਵ ਪਾਇਆ ਗਿਆ। ਜਦਕਿ ਪਰਵਾਰ ਦੇ ਦੂਜੇ ਮੈਂਬਰਾਂ ਦੀ ਜਾਂਚ ਕਰਵਾਈ ਤਾਂ ਸਾਰੇ ਐੱਚਆਈਵੀ ਤੋਂ ਸੁਰੱਖਿਅਤ ਪਾਏ ਗਏ। ਰਹਿਮਾਨਾ ਬੀਬੀ ਦੇ ਬੱਚੇ ਵਰਗੀਆਂ ਕਹਾਣੀਆਂ ਕਈ ਪਰਿਵਾਰਾਂ ਦੀਆਂ ਹਨ।
410 ਬੱਚੇ ਅਤੇ 100 ਨੌਜਵਾਨ ਪੀੜਤ
ਸਿੰਧ ਪ੍ਰਾਂਤ ਦੇ ਏਡਜ਼ ਕੰਟਰੋਲ ਪ੍ਰੋਗਰਾਮ ਦੇ ਮੁਖੀ ਸਿਕੰਦਰ ਮੇਨਨ ਨੇ ਕਿਹਾ ਕਿ ਅਧਿਕਾਰੀਆਂ ਨੇ ਲਰਕਾਨਾ ਦੇ 13,800 ਲੋਕਾਂ ਦੀ ਜਾਂਚ ਕੀਤੀ ਅਤੇ 410 ਬੱਚਿਆਂ ਅਤੇ 100 ਨੌਜਵਾਨ ਐੱਚਆਈਵੀ ਪਾਜ਼ੀਟਿਵ ਪਾਏ ਗਏ। ਪਾਕਿਸਤਾਨ ਦੇ ਸਿਹਤ ਮੰਤਰਾਲੇ ਨੇ ਦੇਸ਼ ਵਿਚ ਐਚਆਈਵੀ ਦੇ 23,000 ਤੋਂ ਜ਼ਿਆਦਾ ਮਾਮਲੇ ਦਰਜ ਕੀਤੇ ਹਨ।