ਹਵਾਈ ਜਹਾਜ਼ ਤਿਆਰ ਕਰਨ ਵਾਲੀ ਅਮਰੀਕਾ ਦੀ ਪ੍ਰਮੁੱਖ ਕੰਪਨੀ ਬੋਇੰਗ ਨੇ ਅੱਜ ਪ੍ਰਤਯੁਸ਼ ਕੁਮਾਰ ਨੂੰ ਭਾਰਤ ਨਾਲ ਸਬੰਧਤ ਸਾਰੇ ਆਪਰੇਸ਼ਨਜ਼ ਦਾ ਮੁਖੀ ਨਿਯੁਕਤ ਕੀਤਾ ਹੈ। ਉਹ ਅਮਰੀਕਾ `ਚ ਬੋਇੰਗ ਦੇ ਐੱਫ਼-15 ਜੰਗੀ ਹਵਾਈ ਜਹਾਜ਼ ਪ੍ਰੋਗਰਾਮ ਦੀ ਅਗਵਾਈ ਕਰਨਗੇ।
ਬੋਇੰਗ ਵੱਲੋਂ ਬੈਂਗਲੁਰੂ `ਚ ਜਾਰੀ ਕੀਤੇ ਗਏ ਇੱਕ ਬਿਆਨ `ਚ ਦੱਸਿਆ ਗਿਆ ਹੈ ਕਿ ਸ੍ਰੀ ਪ੍ਰਤਯੁਸ਼ ਕੁਮਾਰ ਜੰਗੀ ਹਵਾਈ ਜਹਾਜ਼ ਨਾਲ ਸਬੰਧਤ ਕੰਪਨੀ ਦੇ ਸਾਰੇ ਮਾਮਲੇ ਸਿਰਫ਼ ਅਮਰੀਕਾ `ਚ ਹੀ ਨਹੀਂ, ਸਗੋਂ ਸਮੁੱਚੇ ਵਿਸ਼ਵ `ਚ ਹੀ ਵੇਖਣਗੇ।
ਸ੍ਰੀ ਪ੍ਰਤਯੁਸ਼ ਕੁਮਾਰ ਨੇ ਦੱਸਿਆ ਕਿ ਉਹ ਐੱਫ਼-15 ਪ੍ਰੋਗਰਾਮ ਲਈ ਸਮੁੱਚੇ ਵਿਸ਼ਵ `ਚੋਂ ਕਾਰੋਬਾਰ ਲੈਣਗੇ। ਕੰਪਨੀ ਆਪਣੇ ਸਥਾਨਕ ਰਿਮਾਣ, ਤਕਨਾਲੋਜੀ ਤੇ ਨਵੀਨਤਾਵਾਂ, ਉਤਪਾਦਾਂ ਦੇ ਕਾਰੋਬਾਰ ਦਾ ਵਿਸਥਾਰ ਭਾਰਤੀ ਉੱਪ-ਮਹਾਂਦੀਪ ਦੇ ਲੋਕਾਂ ਤੱਕ ਪਹੁੰਚਾਉਣਗੇ।
ਬੋਇੰਗ ਨੇ ਕਰਨਾਟਕ `ਚ 1,152 ਕਰੋੜ ਰੁਪਏ ਦੀ ਲਾਗਤ ਨਾਲ ਆਪਣਾ ਇੱਕ ਇਲੈਕਟ੍ਰੋਨਿਕਸ ਨਿਰਮਾਣ ਤੇ ਏਵੀਆੱਨਿਕਸ ਅਸੈਂਬਲੀ ਯੂਨਿਟ ਸਥਾਪਤ ਕਰਨਾ ਹੈ। ਇਹ ਸੁਵਿਧਾ 12 ਤੋਂ 18 ਮਹੀਨਿਆਂ ਅੰਦਰ ਬਣ ਕੇ ਤਿਆਰ ਹੋ ਜਾਵੇਗੀ ਤੇ ਇਸ ਨਾਲ 2,600 ਲੋਕਾਂ ਨੂੰ ਨਵਾਂ ਰੋਜ਼ਗਾਰ ਮਿਲੇਗਾ।
