ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵਿਰੁੱਧ ਮਹਾਂਦੋਸ਼ (ਚਾਰਜਸ਼ੀਟ ਕਰਨ) ਦੀ ਕਾਰਵਾਈ ਸੋਮਵਾਰ 9 ਦਸੰਬਰ ਨੂੰ ਸੰਸਦ ਦੀ ਨਿਆਂਇਕ ਕਮੇਟੀ ਦੀ ਸੁਣਵਾਈ ਦੇ ਮੱਦੇਨਜ਼ਰ ਇੱਕ ਨਵੇਂ ਗੇੜ ਵਿੱਚ ਦਾਖ਼ਲ ਹੋ ਗਈ। ਇਸ ਸੁਣਵਾਈ ਦੌਰਾਨ ਰੀਪਬਲਿਕਨ ਆਗੂ ਵਿਰੁੱਧ ਦੋਸ਼ ਤੈਅ ਕੀਤੇ ਜਾਣ ਦੀ ਸੰਭਾਵਨਾ ਹੈ।
ਡੈਮੋਕ੍ਰੈਟਸ ਨੇ ਟਰੰਪ ’ਤੇ 2020 ਦੀਆਂ ਰਾਸ਼ਟਰਪਤੀ ਚੋਣਾਂ ’ਚ ਉਨ੍ਹਾਂ ਦੇ ਸੰਭਾਵੀ ਵਿਰੋਧੀ ਜੋਅ ਬਾਇਡੇਨ ਵਿਰੁੱਧ ਜਾਂਚ ਕਰਵਾਉਣ ਲਈ ਯੂਕਰੇਨ ’ਤੇ ਦਬਾਅ ਬਣਾ ਕੇ ਆਪਣੇ ਅਹੁਦੇ ਦੀ ਦੁਰਵਰਤੋਂ ਦਾ ਦੋਸ਼ ਲਾਇਆ ਹੈ।
ਟਰੰਪ ਨੇ ਇਸ ਜਾਂਚ ਦੀ ਨਿਖੇਧੀ ਕਰਦਿਆਂ ਇਸ ਦੀ ਆਲੋਚਨਾ ਕੀਤੀ ਹੈ ਪਰ ਡੈਮੋਕ੍ਰੈਟਸ ਦਾ ਮੰਨਣਾ ਹੈ ਕਿ ਉਨ੍ਹਾਂ ਕੋਲ ਇਸ ਦੇ ਪੱਕੇ ਸਬੂਤ ਹਨ ਕਿ ਟਰੰਪ ਨੇ ਦੇਸ਼ ਨਾਲੋਂ ਜ਼ਿਆਦਾ ਆਪਣੇ ਸਿਆਸੀ ਹਿਤਾਂ ਨੂੰ ਤਰਜੀਹ ਦਿੱਤੀ।
ਨਿਆਂਇਕ ਕਮੇਟੀ ਦੇ ਮੁਖੀ ਜੈਰੀ ਨੈਡਲਰ ਨੇ ਐਤਵਾਰ 8 ਦਸੰਬਰ ਨੂੰ CNN ਨਾਲ ਗੰਲਬਾਤ ਦੌਰਾਨ ਕਿਹਾ ਕਿ – ‘ਮੈਨੂੰ ਲੰਗਦਾ ਹੈ ਕਿ ਸਾਡੇ ਕੋਲ ਜਿਹੜਾ ਮਾਮਲਾ ਹੈ, ਉਸ ਨੂੰ ਜੇ ਜਿਊਰੀ ਸਾਹਵੇਂ ਪੇਸ਼ ਕੀਤਾ ਜਾਵੇ, ਤਾਂ ਤਿੰਨ ਮਿੰਟਾਂ ’ਚ ਦੋਸ਼ੀ ਠਹਿਰਾ ਦਿੱਤਾ ਜਾਵੇਗਾ।’
ਟਰੰਪ ਦੇ ਲੰਬਾ ਸਮਾਂ ਸਿਆਸੀ ਵਿਰੋਧੀ ਰਹੇ ਕਾਂਗਰਸੀ ਮੈਂਬਰ ਨੇ ਇਸ ਹਫ਼ਤੇ ਦੇ ਅੰਤ ਤੱਕ ਪ੍ਰਤੀਨਿਧ ਸਦਨ ’ਚ ਮਹਾਂਦੋਸ਼ ਉੱਤੇ ਵੋਟਿੰਗ ਕਰਵਾਏ ਜਾਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ।
ਸ੍ਰੀ ਨੈਡਲਰ ਖ਼ੁਫ਼ੀਆ ਤੇ ਨਿਆਇਕ ਕਮੇਟੀਆਂ ਦੇ ਡੈਮੋਕ੍ਰੈਟਿਕ ਤੇ ਰੀਪਬਲਿਕਨ ਦੋਵੇਂ ਵਕੀਲਾਂ ਦੇ ਸਬੂਤਾਂ ਉੱਤੇ ਸੋਮਵਾਰ ਨੂੰ ਸਥਾਨਕ ਸਮੇਂ ਮੁਤਾਬਕ ਸਵੇਰੇ 9 ਵਜੇ ਸੁਣਵਾਈ ਕਰਨਗੇ।