ਪਾਕਿਸਤਾਨ ਤਹਿਰੀਕ ਏ ਇਨਸਾਫ (ਪੀਟੀਆਈ) ਪਾਰਟੀ ਦੀ ਸੰਸਦੀ ਕਮੇਟੀ ਨੇ ਸੋਮਵਾਰ ਨੂੰ ਇਮਰਾਨ ਖ਼ਾਨ ਨੂੰ ਪਾਰਟੀ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਵਜੋਂ ਐਲਾਨਿਆ ਹੈ। ਕ੍ਰਿਕਟਰ ਤੋਂ ਨੇਤਾ ਬਣੇ 65 ਸਾਲਾਂ ਖ਼ਾਨ ਦੀ ਪਾਰਟੀ 25 ਜੁਲਾਈ ਨੂੰ ਹੋਈਆਂ ਆਮ ਚੋਣਾਂ ਚ 115 ਸੀਟਾਂ ਜਿੱਤ ਕੇ ਸਭ ਤੋਂ ਵੱਡੀ ਪਾਰਟੀ ਵਜੋਂ ਉਭਰੀ ਸੀ। ਕਿਹਾ ਜਾ ਰਿਹਾ ਹੈ ਕਿ ਇਮਰਾਨ 14 ਅਗਸਤ ਨੂੰ ਪ੍ਰਧਾਨ ਮੰਤਰੀ ਵਜੋਂ ਹਲਫ ਲੈ ਸਕਦੇ ਹਨ।
ਚੋਣਾਂ ਮਗਰੋਂ ਇਮਰਾਨ ਖ਼ਾਨ ਪਹਿਲੀ ਵਾਰ ਆਪਣੇ ਘਰ ਬਾਹਰ ਨਿਕਲੇ ਸਨ। ਗੱਡੀਆਂ ਦੇ ਵੱਡੇ ਕਾਫਲੇ ਦੇ ਨਾਲ ਚੱਲਣ ਨਾਲ ਮਨ੍ਹਾਂ ਕਰਨ ਬਾਵਜੂਦ ਉਨ੍ਹਾਂ ਨਾਲ ਵੱਡੀ ਗਿਣਤੀ ਚ ਕਾਰਾਂ ਸਨ ਤੇ ਉਨ੍ਹਾਂ ਨੂੰ ਭਾਰੀ ਸੁਰੱਖਿਆ ਮੁਹੱਈਆ ਕਰਵਾਈ ਗਈ ਹੈ।
ਇਸ ਐਲਾਨ ਤੋਂ ਬਾਅਦ ਇਮਰਾਨ ਖ਼ਾਨ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਮੈਨੂੰ ਵੱਡੀ ਜਿ਼ੰਮੇਦਾਰੀ ਦਿੱਤੀ ਗਈ ਹੈ। ਅੱਜ 22 ਸਾਲਾਂ ਦੇ ਸੰਘਰਸ ਦਾ ਪਹਿਲਾ ਪੜਾਅ ਪੂਰਾ ਹੋ ਗਿਆ ਹੈ। ਅਲਾਹ ਨੇ ਸਾਨੂੰ ਨੇਤਿਕ ਜਿੱਤ ਦਿੱਤੀ ਹੈ। ਖ਼ਾਨ ਨੇ ਆਪਣੇ ਸਾਥੀ ਨੇਤਾਵਾਂ ਨੂੰ ਚੇਤਾਵਨੀ ਦਿੱਤੀ ਕਿ ਉਨ੍ਹਾਂ ਨੂੰ ਰਵਾਇਤੀ ਤਰੀਕਿਆਂ ਨਾਲ ਸ਼ਾਸਨ ਨਹੀਂ ਕਰਨਾ ਚਾਹੀਦਾ।
ਜਿ਼ਕਰਯੋਗ ਹੈ ਕਿ ਪਾਕਿਤਸਾਨ ਦੀ ਕੌਮੀ ਅਸੈਂਬਲੀ ਚ ਕੁੰਲ 342 ਮੈਂਬਰ ਹੁੰਦੇ ਹਨ ਜਿਨ੍ਹਾਂ ਚ 272 ਸਿੱਧੇ ਚੁਣੇ ਜਾਂਦੇ ਹਨ। ਸਰਕਾਰ ਬਣਾਉਣ ਲਈ 172 ਸੀਟਾਂ ਚਾਹੀਦੀਆਂ ਹਨ। ਸਮਰਥਨਦਾਰ ਪਾਰਟੀਆਂ ਅਤੇ ਰਾਖਵੀਂ ਸੀਟਾਂ ਨਾਲ ਨੌਸ਼ਨਲ ਅਸੈਂਬਲੀ ਚ ਪਾਰਟੀ ਦੀਆਂ ਸੀਟਾਂ ਦੀ ਗਿਣਤੀ 174 ਤੇ ਪਹੁੰਚ ਜਾਵੇਗੀ।
.