ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੈਨੇਡਾ ਸੰਸਦੀ ਚੋਣਾਂ ’ਚ ਖ਼ੂਬ ਗੱਜ–ਵੱਜ ਰਹੇ ਨੇ ਪੰਜਾਬੀ ਗੀਤ

ਕੈਨੇਡੀਅਨ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਪ੍ਰਮੁੱਖ ਮਹਾਂਨਗਰ ਵੈਨਕੂਵਰ ਦੀ ਇੱਕ ਸੜਕ ਉੱਤੇ ਚਮਕਦਾ ਪੰਜਾਬੀ ਸਾਈਨ ਬੋਰਡ

ਪੰਜਾਬੀ ਗੀਤਾਂ ਦੀ ਪਹੁੰਚ ਤੇ ਧਮਾਲ ਸੱਚਮੁਚ ਪੂਰੀ ਦੁਨੀਆ ’ਚ ਪਈ ਹੋਈ ਹੈ। ਤੁਸੀਂ ਪੰਜਾਬੀ ਗੀਤ ਇਕੱਲੇ ਪੰਜਾਬ, ਹਰਿਆਣਾ, ਰਾਜਸਥਾਨ, ਹਿਮਾਚਲ ਜਾਂ ਹੋਰ ਲਾਗਲੇ ਸੂਬਿਆਂ ਵਿੱਚ ਹੀ ਨਹੀਂ, ਸਗੋਂ ਦਿੱਲੀ, ਮੁੰਬਈ, ਕੋਲਕਾਤਾ ਤੇ ਚੇਨਈ ਜਿਹੇ ਮਹਾਂਨਗਰਾਂ ਤੋਂ ਇਲਾਵਾ ਹੋਰਨਾਂ ਦੇਸ਼ਾਂ ਵਿੱਚ ਵੀ ਆਮ ਹੀ ਵੱਜਦੇ ਸੁਣ ਸਕਦੇ ਹੋ। ਇਨ੍ਹਾਂ ਗੀਤਾਂ ਦੀ ਲੈਅ–ਤਾਲ ਸੱਚਮੁਚ ਮਨ ਨੂੰ ਟੁੰਬਦੀ ਹੈ। ਇਹ ਗੱਲ ਅੱਜ–ਕੱਲ੍ਹ ਕੈਨੇਡਾ ’ਚ ਵੀ ਪੂਰੀ ਤਰ੍ਹਾਂ ਢੁਕ ਰਹੀ ਹੈ।

 

 

ਦਰਅਸਲ, ਕੈਨੇਡਾ ਦੇ ਬਹੁਤ ਸਾਰੇ ਸੰਸਦੀ ਹਲਕਿਆਂ ਵਿੱਚ ਪੰਜਾਬੀ ਉਮੀਦਵਾਰ ਵੀ ਆਪਣੀ ਸਿਆਸੀ ਕਿਸਮਤ ਅਜ਼ਮਾ ਰਹੇ ਹਨ। ਉੱਥੇ ਵੀ ਵੋਟਾਂ ਭਲਕੇ ਸੋਮਵਾਰ 21 ਅਕਤੂਬਰ ਨੂੰ ਪੈਣੀਆਂ ਹਨ। ਪੰਜਾਬੀ ਉਮੀਦਵਾਰਾਂ ਦੀਆਂ ਚੋਣ–ਮੁਹਿੰਮਾਂ ਵਿੱਚ ਪੰਜਾਬੀ ਗੀਤ ਵੀ ਖ਼ੂਬ ਚਾਰ–ਚੰਨ ਲਾ ਰਹੇ ਹਨ।

 

 

ਸੋਸ਼ਲ ਮੀਡੀਆ ਉੱਤੇ ਇੱਕ ਗੀਤ ‘ਫੇਰ ਆਊਗਾ ਟਰੂਡੋ ਤੁਸੀਂ ਯਾਦ ਰੱਖ ਲੋ…’ ਬਹੁਤ ਹਰਮਪਿਆਰਾ ਹੋ ਰਿਹਾ ਹੈ; ਜਿਸ ਨੂੰ ਗੋਗੀ ਧਾਲੀਵਾਲ ਨੇ ਲਿਖਿਆ ਹੈ। ਤਿੰਨ ਮਿੰਟਾਂ ਦੇ ਇਸ ਗੀਤ ਨੂੰ ਲਿਬਰਲ ਪਾਰਟੀ ਦੇ ਉਮੀਦਵਾਰ ਅਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਪੰਜਾਬੀ ਹਮਾਇਤੀ ਇਸ ਵਾਰ ਖ਼ੂਬ ਵਰਤ ਰਹੇ ਹਨ।

 

 

ਯੂ–ਟਿਊਬ ਉੱਤੇ ਇਸ ਗੀਤ ਨੂੰ ਹਜ਼ਾਰਾਂ ਲੋਕ ਵੇਖ ਚੁੱਕੇ ਹਨ ਤੇ ਇਸ ਗੀਤ ਨੂੰ ਸੈਂਕੜੇ ‘ਲਾਈਕ’ ਵੀ ਮਿਲ ਚੁੱਕੇ ਹਨ। ਸ੍ਰੀ ਟਰੂਡੋ ਅਤੇ ਉਨ੍ਹਾਂ ਦੀ ਲਿਬਰਲ ਪਾਰਟੀ ਕਿਉਂਕਿ ਸ਼ੁਰੂ ਤੋਂ ਹੀ ਪ੍ਰਵਾਸੀਆਂ ਦੇ ਹੱਕ ਵਿੱਚ ਰਹੀ ਹੈ ਤੇ ਉਨ੍ਹਾਂ ਦੇ ਪੱਖ ਵਿੱਚ ਨਿਯਮ ਤੇ ਨੀਤੀਆਂ ਉਲੀਕਦੀ ਰਹੀ ਹੈ। ਇਸੇ ਲਈ ਉਨ੍ਹਾਂ ਨਿਯਮਾਂ ਤੇ ਨੀਤੀਆਂ ਦੀ ਯਾਦ ਦਿਵਾਉਂਦਾ ਇਹ ਪੰਜਾਬੀ ਗੀਤ – ‘ਜਿੰਨੇ ਵੱਸਦੇ ਕੈਨੇਡਾ ’ਚ ਪੰਜਾਬੀ ਵੀਰਿਓ, ਕਦੇ ਗੁਣ ਨਾ ਭੁਲਾਇਓ ਓਏ ਪੰਜਾਬੀ ਹੀਰਿਓ’ ਵੀ ਖ਼ੂਬ ਚਰਚਿਤ ਹੋ ਰਿਹਾ ਹੈ।

 

 

ਨਾਨਜੀ ਧਾਲੀਵਾਲ ਦਾ ਲਿਖਿਆ ਤੇ ਸੈਮ ਸਿੱਧੂ ਦਾ ਗਾਇਆ ਇੱਕ ਹੋਰ ਗੀਤ ‘ਐਤਕੀਂ ਦੀ ਵੋਟ ਗਿੱਲ ਬਾਈ ਜੀ ਨੂੰ ਪਾਉਣੀ ਆ, ਰਲ਼–ਮਿਲ਼ ਆਪਾਂ ਐੱਨਡੀਪੀ ਜਿਤਾਉਣੀ ਐ’ ਵੀ ਖ਼ੂਬ ਚੱਲ ਰਿਹਾ ਹੈ ਤੇ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਚੁੱਕਾ ਹੈ। ਚਾਰ ਮਿੰਟਾਂ ਦਾ ਇਹ ਗੀਤ ਦਰਅਸਲ ਸਰੀ–ਨਿਊਟਨ ਹਲਕੇ ਤੋਂ NDP ਉਮੀਦਵਾਰ ਹਰਜੀਤ ਸਿੰਘ ਗਿੱਲ ਨੂੰ ਵੋਟਾਂ ਪਾਉਣ ਲਈ ਪ੍ਰੇਰਦਾ ਹੈ।

 

 

ਇਸ ਗੀਤ ਵਿੱਚ ਐੱਨਡੀਪੀ ਦੀਆਂ ਨੀਤੀਆਂ ਦੀ ਸ਼ਲਾਘਾ ਕੀਤੀ ਗਈ ਹੈ। ਚੇਤੇ ਰਹੇ ਕਿ NDP ਦੇ ਆਗੂ ਪੰਜਾਬੀ ਮੂਲ ਦੇ ਸ੍ਰੀ ਜਗਮੀਤ ਸਿੰਘ ਹਨ। ਜੇ ਚੋਣ–ਨਤੀਜਿਆਂ ਤੋਂ ਬਾਅਦ ਇਹ ਪਾਰਟੀ ਬਹੁਮੱਤ ਵਿੱਚ ਆਉਂਦੀ ਹੈ, ਤਾਂ ਨਿਸ਼ਚਤ ਤੌਰ ’ਤੇ ਪ੍ਰਧਾਨ ਮੰਤਰੀ ਵੀ ਸ੍ਰੀ ਜਗਮੀਤ ਸਿੰਘ ਹੀ ਬਣਨਗੇ।

 

 

ਪੰਜਾਬੀ ਗੀਤਾਂ ਰਾਹੀਂ ਸ਼ਲਾਘਾ ਦਾ ਇਹ ਦੌਰ ਕੁਝ ਲੋਕਾਂ ਨੂੰ ਠੀਕ ਵੀ ਨਹੀਂ ਜਾਪ ਰਿਹਾ। ਕੈਨੇਡਾ ’ਚ ਵੱਸਦੇ ਸ੍ਰੀ ਹਰਪਾਲ ਸਿੰਘ ਨੇ ਫ਼ੇਸਬੁੱਕ ’ ਆਪਣੀ ਇੱਕ ਟਿੱਪਣੀ ਵਿੱਚ ਆਖਿਆ ਹੈ ਕਿ – ‘ਪਹਿਲਾਂ ਕੈਨੇਡਾ ਵਿੱਚ ਅਜਿਹੇ ਦਾਅਪੇਚ ਨਹੀਂ ਵਰਤੇ ਜਾਂਦੇ ਸਨ। ਇਸ ਦੇਸ਼ ਵਿੱਚ ਚੋਣਾਂ ਸਦਾ ਜਨਤਕ ਮੁੱਦਿਆਂ ਦੇ ਆਧਾਰ ਉੱਤੇ ਹੀ ਲੜੀਆਂ ਜਾਂਦੀਆਂ ਰਹੀਆਂ ਹਨ। ਕੁਝ ਵਿਅਕਤੀਆਂ ਦੀ ਮਹਿਮਾ ਗੀਤਾਂ ਰਾਹੀਂ ਕਰਨਾ ਕੋਈ ਵਧੀਆ ਗੱਲ ਨਹੀਂ ਹੈ।’

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Punjabi songs add spice to Canada Poll Campaigns