ਪਾਕਿਸਤਾਨ ਦੇ ਸਿੰਧ ਸੂਬੇ ’ਚ ਇੱਕ ਬੇਫਾਟਕੀ ਰੇਲਵੇ ਕ੍ਰਾਸਿੰਗ ਨੂੰ ਪਾਰ ਕਰਨ ਦੀ ਕੋਸ਼ਿਸ਼ ਵੇਲੇ ਇੱਕ ਯਾਤਰੀ ਬੱਸ ਦੇ ਇੱਕ ਰੇਲ–ਗੱਡੀ ਦੀ ਲਪੇਟ ਵਿੱਚ ਆ ਜਾਣ ਕਾਰਨ 30 ਵਿਅਕਤੀਆਂ ਦੀ ਮੌਤ ਹੋ ਗਈ ਹੈ ਤੇ ਹੋਰ ਕਈ ਜ਼ਖ਼ਮੀ ਹੋ ਗਏ ਹਨ।
ਇਹ ਹਾਦਸਾ ਸੁੱਕੂਰ ਜ਼ਿਲ੍ਹੇ ਦੇ ਰੋਹੜੀ ਇਲਾਕੇ ’ਚ ਵਾਪਰਿਆ; ਜਦੋਂ ਕਰਾਚੀ ਤੋਂ ਸਰਗੋਧਾ ਜਾ ਰਹੀ ਬੱਸ ਇੱਕ ਬੇਫ਼ਾਟਕੀ ਰੇਲਵੇ ਕ੍ਰਾਸਿੰਗ ਨੂੰ ਪਾਰ ਕਰ ਰਹੀ ਸੀ ਤੇ ਉਹ ਇੱਕ ਐਕਸਪ੍ਰੈੱਸ ਰੇਲ–ਗੱਡੀ ਦੀ ਲਪੇਟ ’ਚਾ ਆ ਗਈ।
ਸੁੱਕੂਰ ਦੇ ਕਮਿਸ਼ਨਰ ਸ਼ਫ਼ੀਕ ਅਹਿਮਦ ਮਹੇਸਰ ਨੇ ਇਸ ਹਾਦਸੇ ਦੇ ਵੇਰਵੇ ਮੀਡੀਆ ਨੂੰ ਦਿੱਤੇ। ਸਿੰਧ ਦੇ ਮੁੱਖ ਮੰਤਰੀ ਸ੍ਰੀ ਮੁਰਾਦ ਅਲੀ ਸ਼ਾਹ ਨੇ ਇਸ ਘਟਨਾ ਉੱਤੇ ਦੁੱਖ ਪ੍ਰਗਟਾਇਆ ਤੇ ਸੁੱਕੂਰ ਦੇ ਕਮਿਸ਼ਨਰ ਨੂੰ ਰਾਹਤ ਟੀਮਾਂ ਤੁਰੰਤ ਭੇਜਣ ਦੀ ਹਦਾਇਤ ਵੀ ਜਾਰੀ ਕੀਤੀ।
ਪ੍ਰਾਪਤ ਜਾਣਕਾਰੀ ਮੁਤਾਬਕ 45–ਅੱਪ ਪਾਕਿਸਤਾਨ ਐਕਸਪ੍ਰੈੱਸ ਰੇਲ–ਗੱਡੀ ਕਰਾਚੀ ਤੋਂ ਚੱਲ ਕੇ ਰਾਵਲਪਿੰਡੀ ਵੱਲ ਜਾ ਰਹੀ ਸੀ। ਕਈ ਯਾਤਰੀਆਂ ਨਾਲ ਭਰੀ ਬੱਸ ਪੰਜਾਬ ਵੱਲ ਜਾ ਰਹੀ ਸੀ।
ਪਾਕਿਸਤਾਨ ਦੀਆਂ ਕੁਝ ਵੈੱਬਸਾਈਟਸ ਉੱਤੇ ਮੌਤਾਂ ਦੀ ਗਿਣਤੀ ਪਹਿਲਾਂ 19 ਤੇ ਕੁਝ ਉੱਤੇ 20 ਦੱਸੀ ਜਾ ਰਹੀ ਸੀ ਪਰ ਹੁਣ 30 ਮੌਤਾਂ ਦੀ ਖ਼ਬਰ ਦਿੱਤੀ ਜਾ ਰਹੀ ਹੈ।
ਸੁੱਕੂਰ ਜ਼ਿਲ੍ਹੇ ਦੇ ਆਈਜੀ ਪੁਲਿਸ ਡਾ. ਜਮੀਲ ਅਹਿਮਦ ਨੇ ਦੱਸਿਆ ਕਿ ਰੇਲ–ਗੱਡੀ ਨਾਲ ਟਕਰਾਉਂਦਿਆਂ ਹੀ ਬੱਸ ਦੇ ਪਰਖੱਚੇ ਉੱਡ ਗਏ ਤੇ ਉਹ ਤਿੰਨ ਟੋਟਿਆਂ ਵਿੱਚ ਵੰਡੀ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਰੇਲ–ਗੱਡੀ ਬੱਸ ਨੂੰ ਲਗਭਗ 200 ਫ਼ੁੱਟ ਤੱਕ ਆਪਣੇ ਨਾਲ ਘਸੀਟਦੀ ਹੋਈ ਲੈ ਗਈ।