ਸਵਿਟਜ਼ਰਲੈਂਡ ਦੇ ਡਾਵੋਸ ’ਚ ਕੱਲ੍ਹ ਮੰਗਲਵਾਰ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਮੁਲਾਕਾਤ ਹੋਈ। ਦੋਵੇਂ ਆਗੂਆਂ ਦੀ ਇਹ ਮੁਲਾਕਾਤ ਵਰਲਡ ਇਕਨੌਮਿਕ ਫ਼ੋਰਮ (WEF) ਸਮਾਰੋਹ ਦੌਰਾਨ ਹੋਈ। ਸ੍ਰੀ ਟਰੰਪ ਨੇ ਕਿਹਾ ਕਿ ਅਸੀਂ ਭਾਰਤ ਤੇ ਪਾਕਿਸਤਾਨ ਦੇ ਸਬੰਧ ਵਿੱਚ ਕਸ਼ਮੀਰ ਨੂੰ ਲੈ ਕੇ ਸੋਚ ਰਹੇ ਹਾਂ ਤੇ ਜੇ ਅਸੀਂ ਮਦਦ ਕਰ ਸਕਦੇ ਹਾਂ, ਤਾਂ ਯਕੀਨੀ ਤੌਰ ’ਤੇ ਅਜਿਹਾ ਕਰਾਂਗੇ।
ਦੋਵੇਂ ਆਗੂਆਂ ਨੇ ਅਮਰੀਕਾ ਤੇ ਪਾਕਿਸਤਾਨ ਵਿਚਾਲੇ ਸਬੰਧ ਹੋਰ ਮਜ਼ਬੂਤ ਕਰਨ ਉੱਤੇ ਸਹਿਮਤੀ ਪ੍ਰਗਟਾਈ। ਰਾਸ਼ਟਰਪਤੀ ਟਰੰਪ ਤੇ ਪ੍ਰਧਾਨ ਮੰਤਰੀ ਇਮਰਾ਼ਨ ਖ਼ਾਨ ਨੇ ਦੁਵੱਲੇ ਹਿਤਾਂ, ਖੇਤਰੀ ਸੁਰੱਖਿਆ, ਕਸ਼ਮੀਰ ਤੇ ਅਫ਼ਗ਼ਾਨਿਸਤਾਨ ਸ਼ਾਂਤੀ ਪ੍ਰਕਿਰਿਆ ਬਾਰੇ ਵੀ ਮੀਟਿੰਗ ਕੀਤੀ।
ਮੀਟਿੰਗ ’ਚ ਇਮਰਾਨ ਖ਼ਾਨ ਨੇ ਕਿਹਾ ਕਿ ਪਾਕਿਸਤਾਨ ਸ਼ੁਰੂ ਤੋਂ ਹੀ ਆਪਣੇ ਖੇਤਰ ਵਿੱਚ ਸ਼ਾਂਤੀ ਬਹਾਲੀ ਦੇ ਹੱਕ ਵਿੱਚ ਰਿਹਾ ਹੈ ਤੇ ਇਸ ਸੰਦਰਭ ਵਿੱਚ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ। ਇਮਰਾਨ ਖ਼ਾਨ ਨੇ ਇਹ ਵੀ ਕਿਹਾ ਕਿ ਸਮੁੱਚੇ ਖਿ਼ੱਤੇ ਵਿੱਚ ਆਪਣੀ ਅਹਿਮ ਭੂਮਿਕਾ ਨਿਭਾਉਣ ਲਈ ਪਾਕਿਸਤਾਨ ਸਦਾ ਤਤਪਰ ਰਹੇਗਾ।
ਸ੍ਰੀ ਟਰੰਪ ਨੇ ਇਸ ਮੁਲਾਕਾਤ ਦੌਰਾਨ ਕਿਹਾ ਕਿ ਇਮਰਾਨ ਖ਼ਾਨ ਉਨ੍ਹਾਂ ਦੇ ਵਧੀਆ ਦੋਸਤ ਹਨ। ਦੋਵੇਂ ਆਗੂਆਂ ਦੀ ਇਸ ਮੀਟਿੰਗ ਤੋਂ ਪਹਿਲਾਂ ਹੀ ਰਾਸ਼ਟਰਪਤੀ ਟਰੰਪ ਨੇ ਦੱਸ ਦਿੱਤਾ ਸੀ ਕਿ ਕਸ਼ਮੀਰ ਮੁੱਦੇ ਤੇ ਅਫ਼ਗ਼ਾਨਿਸਤਾਨ ਸ਼ਾਂਤੀ ਪ੍ਰਕਿਰਿਆ ਬਾਰੇ ਵਿਆਪਕ ਗੱਲਬਾਤ ਕੀਤੀ ਜਾਵੇਗੀ।
ਦਾਵੋਸ ਦੇ ਇਸ ਸੰਮੇਲਨ ’ਚ ਕਈ ਦੇਸ਼ਾਂ ਦੇ ਮੁਖੀ ਪੁੱਜੇ ਹੋਏ ਹਨ। ਸ੍ਰੀ ਡੋਨਾਲਡ ਟਰੰਪ ਕਸ਼ਮੀਰ ਬਾਰੇ ਪਹਿਲਾਂ ਵੀ ਆਪਣੀ ਅਜਿਹੀ ਰਾਇ ਦੁਨੀਆ ਸਾਹਵੇਂ ਰੱਖ ਚੁੱਕੇ ਹਨ।