ਸੰਯੁਕਤ ਰਾਸ਼ਟਰ ਨੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨੂੰ ਲੈ ਕੇ ਪਾਕਿਸਤਾਨ ਨੂੰ ਘੇਰਿਆ ਹੈ। ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰਾਂ ਦੇ ਮੁਖੀ ਮਿਸ਼ੇਲ ਬਾਸ਼ਲੇਟ ਨੇ ਵੀਰਵਾਰ (27 ਫਰਵਰੀ) ਨੂੰ ਕਿਹਾ ਕਿ ਪਾਕਿਸਤਾਨ ਚ ਧਾਰਮਿਕ ਘੱਟ ਗਿਣਤੀਆਂ ਲਗਾਤਾਰ ਹਿੰਸਾ ਦਾ ਸਾਹਮਣਾ ਕਰ ਰਹੀਆਂ ਹਨ। ਉਨ੍ਹਾਂ ਦੇ ਅਸਥਾਨਾਂ 'ਤੇ ਵਾਰ ਵਾਰ ਹਮਲੇ ਹੋ ਰਹੇ ਹਨ।
ਬਾਸ਼ਲੇਟ ਨੇ ਕਿਹਾ ਕਿ ਪਾਕਿਸਤਾਨ ਸਰਕਾਰ ਦੀ ਇਸ਼ਨਿੰਦਾ ਦੇ ਕਾਨੂੰਨ ਦੀਆਂ ਧਾਰਾਵਾਂ ਚ ਸੋਧ ਕਰਨ ਚ ਅਸਫਲ ਰਹਿਣ ਦਾ ਨਤੀਜਾ ਧਾਰਮਿਕ ਘੱਟ ਗਿਣਤੀਆਂ ‘ਤੇ ਹਿੰਸਾ ਵਜੋਂ ਨਿਕਲਿਆ ਹੈ।
ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕੌਂਸਲ ਦੀ ਮੀਟਿੰਗ ਜੇਨੀਵਾ ਚ ਹੋ ਰਹੀ ਹੈ। ਬਾਸ਼ਲੇਟ ਨੇ ਆਪਣੇ 43ਵੇਂ ਸੈਸ਼ਨ ਨੂੰ ਸੰਬੋਧਨ ਕਰਦਿਆਂ ਇਕ ਪਾਕਿਸਤਾਨੀ ਯੂਨੀਵਰਸਿਟੀ ਦੇ ਲੈਕਚਰਾਰ ਜੁਨੈਦ ਹਾਫੀਜ਼ ਦਾ ਹਵਾਲਾ ਦਿੱਤਾ, ਜਿਸ ਨੂੰ ਇਸ਼ਨਿੰਦਾ ਦੇ ਕੇਸ ਵਿੱਚ ਦਸੰਬਰ ਚ ਮੌਤ ਦੀ ਸਜ਼ਾ ਸੁਣਾਈ ਗਈ ਸੀ।
ਚਿਲੀ ਨੇ ਵੀ ਪਾਕਿਸਤਾਨ ਨੂੰ ਨਿਸ਼ਾਨਾ ਬਣਾਇਆ
ਚਿਲੀ ਦੇ ਸਾਬਕਾ ਰਾਸ਼ਟਰਪਤੀ ਨੇ ਪਾਕਿਸਤਾਨ ਦੇ ਵਿਵਾਦਤ ਇਸ਼ਨਿੰਦਾ ਕਾਨੂੰਨ ਬਾਰੇ ਇਕ ਬਿਆਨ ਚ ਕਿਹਾ ਕਿ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਢਾਂਚੇ ਦੀਆਂ ਸਿਫਾਰਸ਼ਾਂ ਦੇ ਬਾਵਜੂਦ, ਪਾਕਿਸਤਾਨ ਸਰਕਾਰ ਨੇ ਇਸ਼ਨਿੰਦਾ ਦੇ ਕਾਨੂੰਨ ਦੀਆਂ ਧਾਰਾਵਾਂ ਨੂੰ ਖ਼ਤਮ ਨਹੀਂ ਕੀਤਾ ਹੈ ਤੇ ਇਸ ਨੂੰ ਸੋਧਿਆ ਨਹੀਂ ਹੈ। ਇਹ ਧਾਰਮਿਕ ਘੱਟ ਗਿਣਤੀਆਂ 'ਤੇ ਹਿੰਸਾ ਦਾ ਕਾਰਨ ਬਣ ਰਿਹਾ ਹੈ। ਮਨਮਰਜ਼ੀਆਂ ਮੁਤਾਬਕ ਗਿਰਫਤਾਰੀਆਂ ਕੀਤੀਆਂ ਜਾ ਰਹੀਆਂ ਹਨ ਤੇ ਮੁਕੱਦਮੇ ਚਲਾਏ ਜਾ ਰਹੇ ਹਨ।
ਇਸ਼ਨਿੰਦਾ ਦੇ ਕਾਨੂੰਨ ਦੀ ਦੁਰਵਰਤੋਂ
ਪਾਕਿਸਤਾਨ ਚ ਇਸ਼ਨਿੰਦਾ ਇਕ ਬਹੁਤ ਹੀ ਸੰਵੇਦਨਸ਼ੀਲ ਮੁੱਦਾ ਹੈ. ਜੇ ਇਸ ਕਾਨੂੰਨ ਅਧੀਨ ਦੋਸ਼ੀ ਠਹਿਰਾਇਆ ਜਾਂਦਾ ਹੈ ਤਾਂ ਉਸ ’ਤੇ ਇਸਲਾਮ ਦਾ ਅਪਮਾਨ ਕਰਨ ਦਾ ਦੋਸ਼ ਲਗਾਇਆ ਜਾਂਦਾ ਹੈ। ਸਿੱਟੇ ਵਜੋਂ ਦੋਸ਼ੀ ਵਿਅਕਤੀ ਨੂੰ ਇਸਲਾਮ ਦੇ ਅਖੌਤੀ ਬਚਾਓ ਕਰਨ ਵਾਲਿਆਂ ਦੇ ਹੱਥੋਂ ਆਪਣੀ ਜਾਨ ਗੁਆਣੀ ਪੈਂਦੀ ਹੈ। ਮਨੁੱਖੀ ਅਧਿਕਾਰ ਸਮੂਹਾਂ ਨੇ ਅਕਸਰ ਇਲਜ਼ਾਮ ਲਗਾਇਆ ਹੈ ਕਿ ਬਦਲਾ ਲੈਣ ਜਾਂ ਨਿੱਜੀ ਦੁਸ਼ਮਣੀ ਕੱਢਣ ਲਈ ਹਰ ਰੋਜ਼ ਇਸ਼ਨਿੰਦਾ ਦੇ ਕਾਨੂੰਨਾਂ ਦੀ ਦੁਰਵਰਤੋਂ ਕੀਤੀ ਜਾਂਦੀ ਹੈ।